ਮੁੰਬਈ, 20 ਨਵੰਬਰ
ਮਹਾਰਾਸ਼ਟਰ ਦੇ ਮੰਤਰੀ ਨਵਾਬ ਮਲਿਕ ਨੇ ਅੱਜ ਕਿਹਾ ਕਿ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ’ਤੇ ਬੌਂਬੇ ਹਾਈ ਕੋਰਟ ਦੇ ਹੁਕਮਾਂ ਨੇ ਉਨ੍ਹਾਂ ਦੇ ਉਸ ਦਾਅਵੇ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਆਰੀਅਨ ਤੇ ਹੋਰਨਾਂ ਖਿਲਾਫ਼ ਨਸ਼ੀਲੇ ਪਦਾਰਥਾਂ ਦਾ ਕੇਸ ਫਰਜ਼ੀ ਸੀ। ਮਲਿਕ ਨੇ ਕਿਹਾ ਕਿ ਐੱਨਸੀਬੀ ਨੂੰ ਖੇਤਰੀ ਡਾਇਰੈਕਟਰ ਸਮੀਰ ਵਾਨਖੇੜੇ ਨੂੰ ਅਦਾਲਤ ਦੇ ਨਤੀਜਿਆਂ ਤੋਂ ਬਾਅਦ ਮੁਅੱਤਲ ਕਰ ਦੇਣਾ ਚਾਹੀਦਾ ਹੈ। ਮਲਿਕ ਉਦੋਂ ਤੋਂ ਵਾਨਖੇੜੇ ਨੂੰ ਨਿਸ਼ਾਨੇ ’ਤੇ ਲੈ ਰਹੇ ਹਨ ਜਦੋਂ ਐੱਨਸੀਬੀ ਅਧਿਕਾਰੀ ਨੇ ਦੋ ਅਕਤੂਬਰ ਨੂੰ ਮੁੰਬਈ ਤੱਟ ਨੇੜੇ ਇੱਕ ਕਰੁੂਜ਼ ’ਤੇ ਛਾਪਾ ਮਾਰਿਆ ਸੀ ਜਿਸ ਦੌਰਾਨ ਕਥਿਤ ਤੌਰ ’ਤੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ ਤੇ ਫਿਲਮ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮਲਿਕ ਨੇ ਕਿਹਾ ਕਿ ਅਦਾਲਤ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਨੇ ਐੱਨਸੀਬੀ ਵੱਲੋਂ ਆਰੀਅਨ ਖਾਨ ਦੀ ਗ੍ਰਿਫ਼ਤਾਰੀ ’ਤੇ ਸਵਾਲੀਆ ਨਿਸ਼ਾਨ ਲਗਾਇਆ ਹੈ। ਉਨ੍ਹਾਂ ਆਪਣਾ ਉਹ ਦੋਸ਼ ਵੀ ਦੁਹਰਾਇਆ ਕਿ ਜਬਰੀ ਵਸੂਲੀ ਲਈ ਆਰੀਅਨ ਨੂੰ ਅਗਵਾ ਕੀਤਾ ਗਿਆ ਸੀ। ਮੰਤਰੀ ਨੇ ਦੋਸ਼ ਲਾਇਆ ਕਿ ਵਾਨਖੇੜੇ ਨੇ ਉਸ ਸਮੇਂ ਹਾਈ ਕੋਰਟ ਦਾ ਰੁਖ਼ ਕੀਤਾ ਸੀ ਜਦੋਂ ਅਦਾਕਾਰਾ ਰੀਆ ਚੱਕਰਵਰਤੀ ਨੂੰ ਹੇਠਲੀ ਅਦਾਲਤ ਨੇ ਪਿਛਲੇ ਸਾਲ ਕਥਿਤ ਨਸ਼ੀਲੇ ਪਦਾਰਥ ਮਾਮਲੇ ’ਚ ਜ਼ਮਾਨਤ ਦਿੱਤੀ ਸੀ ਤੇ ਐੱਨਸੀਬੀ ਅਧਿਕਾਰੀ ਹੁਣ ਆਰੀਅਨ ਮਾਮਲੇ ’ਚ ਸੁਪਰੀਮ ਕੋਰਟ ਦਾ ਰੁਖ਼ ਕਰੇਗਾ। ਇਸ ਬਾਰੇ ਸਮੀਰ ਵਾਨਖੇੜੇ ਨੇ ਕਿਹਾ ਕਿ ਉਹ ਹਾਈ ਕੋਰਟ ਦੇ ਹੁਕਮਾਂ ’ਤੇ ਟਿੱਪਣੀ ਨਹੀਂ ਕਰ ਸਕਦੇ ਕਿਉਂਕਿ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। -ਪੀਟੀਆਈ