ਨਵੀਂ ਦਿੱਲੀ, 10 ਫਰਵਰੀ
ਰਾਜ ਸਭਾ ਵਿੱਚ ਅੱਜ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਬੰਦਰਗਾਹਾਂ ਦੇ ਵਿਕਾਸ ਲਈ ਲਿਆਂਦਾ ਗਿਆ ‘ਪ੍ਰਮੁੱਖ ਬੰਦਰਗਾਹਾਂ ਅਥਾਰਿਟੀ ਬਿੱਲ-2020’ ਪਾਸ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਬਿੱਲ ਤਹਿਤ ਦੇਸ਼ ਦੀਆਂ 12 ਅਹਿਮ ਬੰਦਰਗਾਹਾਂ ਨੂੰ ਖੁਦਮੁਖਤਿਆਰੀ ਦੇਣ ਅਤੇ ਉਨ੍ਹਾਂ ਆਪਣਾ ਸੰਚਾਲਣ ਪੇਸ਼ੇਵਰ ਬਣਾਉਣ ਲਈ ਬੋਰਡ ਸਥਾਪਤ ਕਰਨ ਦੀ ਤਜਵੀਜ਼ ਪੇਸ਼ ਕੀਤੀ ਗਈ ਹੈ। ਇਸ ਬਿੱਲ ’ਤੇ ਅੱਜ ਰਾਜ ਸਭਾ ’ਚ ਕਰਵਾਈ ਗਈ ਵੋਟਿੰਗ ਦੌਰਾਨ ਹੱਕ ’ਚ 84 ਜਦਕਿ ਵਿਰੋਧ ’ਚ 44 ਵੋਟਾਂ ਪਈਆਂ ਹਨ। ਲੋਕ ਸਭਾ ਨੇ 23 ਸਤੰਬਰ 2020 ’ਚ ਇਹ ਬਿੱਲ ਪਾਸ ਕਰ ਦਿੱਤਾ ਸੀ।
ਜਹਾਜ਼ਰਾਨੀ ਮੰਤਰੀ ਮਨਸੁਖ ਮੰਡਾਵੀਆ ਨੇ ਅੱਜ ਵਿਰੋਧੀ ਧਿਰਾਂ ਦੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਸਰਕਾਰ ਦੇਸ਼ ਦੀਆਂ ਮੁੱਖ ਬੰਦਰਗਾਹਾਂ ਨੂੰ ਨਿੱਜੀ ਹੱਥਾਂ ’ਚ ਸੌਂਪਣ ਜਾ ਰਹੀ ਹੈ। ਇਸੇ ਦੇ ਨਾਲ ਹੀ ਉਨ੍ਹਾਂ ਜ਼ੋਰ ਦਿੱਤਾ ਕਿ ਬੰਦਰਗਾਹਾਂ ਦਾ ਨਿੱਜੀਕਰਨ ਨਹੀਂ ਹੋਵੇਗਾ ਅਤੇ ਸਰਕਾਰ ਮੁਲਾਜ਼ਮਾਂ ਦੀ ਭਲਾਈ ਵੱਲ ਧਿਆਨ ਦੇਵੇਗੀ। ਉਨ੍ਹਾਂ ਰਾਜ ਸਭਾ ਵਿੱਚ ਇਸ ਬਿੱਲ ’ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਕਾਰ ਨੇ ਬੰਦਰਗਾਹਾਂ ਨੂੰ ਪੀਪੀਪੀ (ਜਨਤਕ ਨਿੱਜੀ ਭਾਈਵਾਲੀ) ਮਾਡਲ ਤਹਿਤ ਵਿਕਸਿਤ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸੇ ਪ੍ਰਕਿਰਿਆ ਤਹਿਤ ਕੋਲਕਾਤਾ ਬੰਦਰਗਾਹ ਦਾ ਕਾਇਆ ਕਲਪ ਕੀਤਾ ਜਾ ਰਿਹਾ ਹੈ।
ਉੱਧਰ ਰਾਜ ਸਭਾ ’ਚ ਕਾਂਗਰਸ, ਟੀਐੱਮਸੀ, ਸਪਾ, ਰਾਜੇਡੀ, ਡੀਐੱਮਕੇ ਅਤੇ ਖੱਬੀਆਂ ਪਾਰਟੀਆਂ ਸਮੇਤ ਜ਼ਿਆਦਾਤਰ ਵਿਰੋਧੀ ਪਾਰਟੀਆਂ ਨੇ ਇਸ ਬਿੱਲ ਦਾ ਵਿਰੋਧ ਕੀਤਾ ਅਤੇ ਦੋਸ਼ ਲਾਇਆ ਕਿ ਇਸ ਦਾ ਮਕਸਦ ਦੇਸ਼ ਦੀਆਂ ਅਹਿਮ ਬੰਦਰਗਾਹਾਂ ਦਾ ਨਿੱਜੀਕਰਨ ਕਰਨਾ ਹੈ। ਹਾਲਾਂਕਿ ਸੱਤਾ ਧਿਰ ਤੋਂ ਇਲਾਵਾ ਬੀਜੇਡੀ, ਜੇਡੀ (ਯੂ) ਤੇ ਵਾਈਐੱਸਆਰ ਜਿਹੀਆਂ ਪਾਰਟੀਆਂ ਨੇ ਵੀ ਬਿੱਲ ਦੀ ਹਮਾਇਤ ਕੀਤੀ ਹੈ। ਵਿਰੋਧੀ ਧਿਰਾਂ ਨੇ ਕਿਹਾ ਕਿ ਸਰਕਾਰ ਇਸ ਬਿੱਲ ਰਾਹੀਂ ਬੰਦਰਕਾਰਾਂ ਨੂੰ ਨਿੱਜੀ ਹੱਥਾਂ ’ਚ ਸੌਂਪਣਾ ਚਾਹੁੰਦੀ ਹੈ। ਇਸੇ ਲਈ ਜਾਣ ਬੁੱਝ ਕੇ ਬਿੱਲ ਦੇ ਖਰੜੇ ’ਚ ਅਜਿਹੀ ਕਮੀ ਰੱਖੀ ਗਈ ਹੈ ਜਿਸ ਨਾਲ ਪਿਛਲੇ ਦਰਵਾਜ਼ਿਓਂ ਆਪਣੇ ਮਿੱਤਰਾਂ ਨੂੰ ਲਿਆਂਦਾ ਜਾ ਸਕੇ। -ਪੀਟੀਆਈ
ਕੇਂਦਰ ਤੇ ਰਾਜ ਸਰਕਾਰਾਂ ਵੱਲ ਏਅਰ ਇੰਡੀਆ ਦੇ 498 ਕਰੋੜ ਰੁਪਏ ਬਕਾਇਆ: ਪੁਰੀ
ਨਵੀਂ ਦਿੱਲੀ: ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦੱਸਿਆ ਕਿ 31 ਦਸੰਬਰ 2020 ਤੱਕ ਵੱਖ ਵੱਖ ਸੂਬਾ ਸਰਕਾਰਾਂ ਤੇ ਕੇਂਦਰ ’ਤੇ ਹਵਾਬਾਜ਼ੀ ਕੰਪਨੀ ਏਅਰ ਇੰਡੀਆ ਦਾ 498.17 ਕਰੋੜ ਰੁਪਏ ਦਾ ਬਕਾਇਆ ਹੈ। ਉਨ੍ਹਾਂ ਰਾਜ ਸਭਾ ’ਚ ਇੱਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਵੀਵੀਆਈਪੀ ਯਾਤਰਾ, ਵਿਦੇਸ਼ੀ ਮਹਿਮਾਨਾਂ ਦੀ ਯਾਤਰਾ, ਰਾਹਤ ਮੁਹਿੰਮ ਆਦਿ ਦਾ ਕੇਂਦਰ ਤੇ ਸੂਬਾ ਸਰਕਾਰਾਂ ’ਤੇ ਕੁੱਲ 498.17 ਕਰੋੜ ਰੁਪਏ ਦਾ ਬਕਾਇਆ ਹੈ। ਇਸੇ ਦੌਰਾਨ ਸ੍ਰੀ ਪੁਰੀ ਨੇ ਦੱਸਿਆ ਕਿ ਕਰੋਨਾ ਵਾਇਰਸ ਮਹਾਮਾਰੀ ਕਾਰਨ ਮਾਰਚ-ਦਸੰਬਰ 2020 ਦਰਮਿਆਨ ਕੌਮਾਂਤਰੀ ਯਾਤਰਾ ਕਰਨ ਵਾਲੇ ਮੁਸਾਫਰਾਂ ਦੀ ਗਿਣਤੀ 2019 ਮੁਕਾਬਲੇ 90.56 ਫੀਸਦ ਘੱਟ ਰਹੀ ਹੈ। ਉਨ੍ਹਾਂ ਕਿਹਾ ਕਿ ਘਰੇਲੂ ਮੁਸਾਫਰਾਂ ਦੀ ਗਿਣਤੀ ਵੀ 2019 ਦੇ 11.99 ਕਰੋੜ ਮੁਸਾਫਰਾਂ ਮੁਕਾਬਲੇ 2020 ’ਚ ਘੱਟ ਕੇ 3.77 ਕਰੋੜ ਰਹੀ ਹੈ। -ਪੀਟੀਆਈ