ਠਾਣੇ (ਮਹਾਰਾਸ਼ਟਰ), 15 ਜੂਨ
ਪੈਗ਼ੰਬਰ ਮੁਹੰਮਦ ਖ਼ਿਲਾਫ਼ ਕਥਿਤ ਵਿਵਾਦਿਤ ਟਵੀਟ ਦੇ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਤੋਂ ਕੱਢੇ ਨਵੀਨ ਕੁਮਾਰ ਜਿੰਦਲ ਅੱਜ ਭਿਵੰਡੀ ਪੁਲੀਸ ਸਾਹਮਣੇ ਪੇਸ਼ ਨਹੀਂ ਹੋਏ। ਭਿਵੰਡੀ ਪੁਲੀਸ ਨੇ ਇੱਥੇ ਦਰਜ ਕੇਸ ਦੇ ਸਬੰਧ ਵਿੱਚ ਜਿੰਦਲ ਨੂੰ ਬਿਆਨ ਦਰਜ ਕਰਨ ਲਈ ਤਲਬ ਕੀਤਾ ਸੀ। ਪੁਲੀਸ ਮੁਤਾਬਕ ਭਾਜਪਾ ਦਾ ਸਾਬਕਾ ਨੇਤਾ ਪੇਸ਼ ਨਹੀਂ ਹੋਇਆ ਤੇ ਨਾ ਹੀ ਉਨ੍ਹਾਂ ਨੇ ਇਸ ਬਾਰੇ ਪੁਲੀਸ ਨੂੰ ਕੋਈ ਜਾਣਕਾਰੀ ਦਿੱਤੀ ਹੈ। ਭਾਜਪ ਦੀ ਸਾਬਕਾ ਨੇਤਾ ਨੂਪੁਰ ਸ਼ਰਮਾ ਨੂੰ ਵੀ ਭਿਵੰਡੀ ਪੁਲੀਸ ਨੇ ਇਸ ਮਾਮਲੇ ਵਿੱਚ ਸੋਮਵਾਰ ਨੂੰ ਤਲਬ ਕੀਤਾ ਸੀ ਪਰ ਉਨ੍ਹਾਂ ਨੇ ਪੁਲੀਸ ਤੋਂ ਬਿਆਨ ਦਰਜ ਕਰਨ ਲਈ ਚਾਰ ਹਫ਼ਤਿਆਂ ਦਾ ਸਮਾਂ ਮੰਗਿਆ ਸੀ।