ਮੁੰਬਈ: ਮਹਾਰਾਸ਼ਟਰ ਦੇ ਸ਼ੋਲਾਪੁਰ ਨਾਲ ਸਬੰਧਤ ਕਿਸਾਨ ਨੂੰ ਆਪਣੇੇ 11 ਕੁਇੰਟਲ ਪਿਆਜ਼ ਦੀ ਵੇਚ ਤੋਂ ਮਹਿਜ਼ 13 ਰੁਪਏ ਦੀ ਕਮਾਈ ਹੋਈ ਹੈ। ਸਰਦੀਆਂ ਵਿੱਚ ਪਿਆਜ਼ ਦਾ ਭਾਅ ਹਾਲਾਂਕਿ ਉਪਰ ਨੂੰ ਜਾਂਦਾ ਹੈ, ਪਰ ਇਥੇ ਉਲਟ ਵੇਖਣ ਨੂੰ ਮਿਲ ਰਿਹੈ। ਸੂਬੇ ਦੇ ਇਕ ਕਿਸਾਨ ਆਗੂ ਨੇ ਕਿਹਾ ਕਿ ਅਜਿਹੀ ਸਥਿਤੀ ਕਤਈ ਵੀ ਮਨਜ਼ੂਰ ਨਹੀਂ ਹੈ। ਉਧਰ ਕਮਿਸ਼ਨ ਏਜੰਟ ਨੇ ਦਾਅਵਾ ਕੀਤਾ ਕਿ ਪਿਆਜ਼ ਦੀ ਫ਼ਸਲ ਮਾੜੀ ਹੋਣ ਕਰਕੇ ਇੰਨਾ ਘੱਟ ਭਾਅ ਮਿਲਿਆ ਹੈ। ਸ਼ੋਲਾਪੁਰ ਅਧਾਰਿਤ ਕਮਿਸ਼ਨ ਏਜੰਟ ਵੱਲੋਂ ਦਿੱਤੀ ਰਸੀਦ ਮੁਤਾਬਕ ਕਿਸਾਨ ਬਾਪੂ ਕਾਵੜੇ ਦੇ 1123 ਕਿਲੋ ਪਿਆਜ਼ ਮਾਰਕੀਟ ਵਿੱਚ 1665.50 ਰੁਪਏ ਦੇ ਭਾਅ ਨੂੰ ਵਿਕੇ ਜਦੋਂਕਿ ਜਿਣਸ ’ਤੇ ਲੇਬਰ ਖਰਚੇ, ਵਜ਼ਨ ਕਰਨ ਦੇ ਚਾਰਜਿਜ਼ ਤੇ ਢੋਆ-ਢੁਆਈ ਵਜੋਂ 1651.98 ਰੁਪਏ ਦਾ ਖਰਚਾ ਆਇਆ। ਇਸ ਤਰ੍ਹਾਂ ਕਿਸਾਨ ਨੂੰ 11 ਕੁਇੰਟਲ ਪਿਆਜ਼ ਦੀ ਵੇਚ ਤੋਂ ਮਹਿਜ਼ 13 ਰੁਪਏ ਦੀ ਕਮਾਈ ਹੋਈ। -ਪੀਟੀਆਈ