ਨਾਗਪੁਰ, 16 ਜੂਨ
ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿੱਚ ਇਕ ਸ਼ਖ਼ਸ ਨੇ ਏਟੀਐੱਮ ਵਿਚੋਂ ਪੰਜ ਸੌ ਰੁਪਏ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਮਸ਼ੀਨ ਵਿੱਚੋਂ ਪੰਜ-ਪੰਜ ਸੌ ਰੁਪਏ ਦੇ ਪੰਜ ਕਰੰਸੀ ਨੋਟ ਨਿਕਲ ਆਏ। ਇਹ ਵੇਖ ਕੇ ਉਹ ਵਿਅਕਤੀ ਇਕ ਵਾਰ ਤਾਂ ਹੈਰਾਨੀ ਵਿੱਚ ਪੈ ਗਿਆ। ਉਸ ਨੇ ਪੰਜ ਸੌ ਰੁਪਏ ਕਢਵਾਉਣ ਲਈ ਮੁੜ ਹੱਲਾ ਮਾਰਿਆ ਤਾਂ ਮਸ਼ੀਨ ਵਿਚੋਂ ਫਿਰ ਪੰਜ ਸੌ ਦੀ ਥਾਂ 2500 ਰੁਪਏ ਨਿਕਲੇ। ਇਹ ਪੂਰੀ ਘਟਨਾ ਬੁੱਧਵਾਰ ਨੂੰ ਨਾਗਪੁਰ ਸ਼ਹਿਰ ਤੋਂ 30 ਕਿਲੋਮੀਟਰ ਦੂਰ ਖਾਪਰਖੇੜਾ ਕਸਬੇ ਵਿੱਚ ਲੱਗੇ ਪ੍ਰਾਈਵੇਟ ਬੈਂਕ ਦੇ ਏਟੀਐੱਮ ਦੀ ਹੈ। ਏਟੀਐੱਮ ਵਿੱਚੋਂ ਪੰਜ ਗੁਣਾਂ ਵਧ ਨਗ਼ਦੀ ਨਿਕਲਣ ਦੀ ਖ਼ਬਰ ਜਿਵੇਂ ਹੀ ਜੰਗਲ ਦੀ ਅੱਗ ਵਾਂਗ ਫੈਲੀ ਤਾਂ ਏਟੀਐੱਮ ਕੇਂਦਰ ਦੇ ਬਾਹਰ ਨਕਦੀ ਕਢਵਾਉਣ ਵਾਲਿਆਂ ਦੀ ਵੱਡੀ ਭੀੜ ਲੱਗ ਗਈ। ਇਸ ਦੌਰਾਨ ਇਕ ਖਤਾਧਾਰਕ ਨੇ ਸਥਾਨਕ ਪੁੁਲੀਸ ਨੂੰ ਇਸ ਬਾਰੇ ਦੱਸਿਆ। ਮੌਕੇ ’ਤੇ ਪੁੱਜੀ ਪੁਲੀਸ ਨੇ ਫੌਰੀ ਏਟੀਐੱਮ ਬੰਦ ਕਰਕੇ ਬੈਂਕ ਨੂੰ ਸੂਚਿਤ ਕਰ ਦਿੱਤਾ। ਪੁਲੀਸ ਅਧਿਕਾਰੀ ਨੇ ਕਿਹਾ ਕਿ ਤਕਨੀਕੀ ਨੁਕਸ ਕਰਕੇ ਏਟੀਐੱਮ ’ਚੋਂ ਵਾਧੂ ਨਕਦੀ ਨਿਕਲ ਰਹੀ ਸੀ। ਉਧਰ ਬੈਂਕ ਅਧਿਕਾਰੀ ਨੇ ਕਿਹਾ ਕਿ ਪੰਜ ਸੌ ਰੁਪਏ ਦੇ ਕਰੰਸੀ ਨੋਟ ਗ਼ਲਤੀ ਨਾਲ ਏਟੀਐੱਮ ਦੀ ਉਸ ਟਰੇਅ ਵਿੱਚ ਪੈ ਗਏ, ਜਿੱਥੇ ਸੌ ਰੁਪਏ ਦੇ ਕਰੰਸੀ ਨੋਟ ਪੈਣੇ ਸਨ। ਪੁਲੀਸ ਨੇ ਹਾਲ ਦੀ ਘੜੀ ਇਸ ਮਾਮਲੇ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਹੈ। -ਪੀਟੀਆਈ