ਔਰੰਗਾਬਾਦ (ਮਹਾਰਾਸ਼ਟਰ), 19 ਮਈ
ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਔਰੰਗਾਬਾਦ ਵਿੱਚ ਸਥਿਤ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਦੇ ਮਕਬਰੇ ਨੂੰ ਪੰਜ ਦਿਨਾਂ ਲਈ ਬੰਦ ਕਰ ਦਿੱਤਾ ਹੈ। ਏਐੱਸਆਈ ਨੇ ਇਹ ਕਦਮ ਸਥਾਨਕ ਮਸਜਿਦ ਕਮੇਟੀ ਵੱਲੋਂ ਤਾਲਾ ਲਾਉਣ ਦੀ ਕੋਸ਼ਿਸ਼ ਤੋਂ ਬਾਅਦ ਚੁੱਕਿਆ। ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਬੁਲਾਰੇ ਗਜਾਨਨ ਕਾਲੇ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਔਰੰਗਜ਼ੇਬ ਦੇ ਮਕਬਰੇ ਦੀ ਕੋਈ ਲੋੜ ਨਹੀਂ ਹੈ ਅਤੇ ਇਸ ਨੂੰ ਢਾਹੁਣਾ ਚਾਹੀਦਾ ਹੈ ਤਾਂ ਕਿ ਲੋਕ ਉੱਥੇ ਨਾ ਜਾਣ।
ਇਸ ਤੋਂ ਬਾਅਦ ਔਰੰਗਾਬਾਦ ਦੇ ਖੁਲਦਾਬਾਦ ਇਲਾਕੇ ਵਿੱਚ ਮਸਜਿਦ ਕਮੇਟੀ ਨੇ ਮਕਬਰੇ ਨੂੰ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ। ਮਕਬਰਾ ਖ਼ੁਲਦਾਬਾਦ ਇਲਾਕੇ ਵਿੱਚ ਹੈ। ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਏਐੱਸਆਈ ਨੇ ਕਬਰ ਦੀ ਸੁਰੱਖਿਆ ਵਧਾ ਦਿੱਤੀ ਸੀ। ਏਐੱਸਆਈ ਦੇ ਔਰੰਗਾਬਾਦ ਖੇਤਰ ਦੇ ਸੁਪਰਡੈਂਟ ਮਿਲਨ ਕੁਮਾਰ ਚੌਲੇ ਨੇ ਦੱਸਿਆ, ‘ਪਹਿਲਾਂ ਮਸਜਿਦ ਕਮੇਟੀ ਨੇ ਮਕਬਰੇ ਨੂੰ ਤਾਲਾ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਅਸੀਂ ਇਸ ਨੂੰ ਖੋਲ੍ਹ ਦਿੱਤਾ ਸੀ। ਹਾਲਾਂਕਿ ਅਸੀਂ ਇਸ ਨੂੰ ਅਗਲੇ ਪੰਜ ਦਿਨਾਂ ਲਈ ਬੰਦ ਕਰਨ ਦਾ ਫੈਸਲਾ ਕੀਤਾ ਹੈ।’