ਪੁਣੇ, 21 ਮਈ
ਮਹਾਰਾਸ਼ਟਰ ਦੇ ਪੁਣੇ ਵਿੱਚ ਐਤਵਾਰ ਨੂੰ ਵਾਪਰੇ ਇੱਕ ਕਾਰ ਹਾਦਸੇ ’ਚ ਮੁਲਜ਼ਮ 17 ਵਰ੍ਹਿਆਂ ਦੇ ਲੜਕੇ ਦੇ ਪਿਤਾ ਨੂੰ ਅੱਜ ਛਤਰਪਤੀ ਸੰਭਾਜੀਨਗਰ ਕਸਬੇ ਤੋਂ ਹਿਰਾਸਤ ’ਚ ਲੈਣ ਦੇ ਕੁਝ ਘੰਟਿਆਂ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਮੁਤਾਬਕ ਕਥਿਤ ਤੌਰ ’ਤੇ ਨਸ਼ੇ ਦੀ ਹਾਲਤ ’ਚ ਪੌਸ਼ ਕਾਰ ਚਲਾ ਰਹੇ ਨਾਬਾਲਗ ਨੇ ਐਤਵਾਰ ਤੜਕੇ ਕਲਿਆਣੀ ਨਗਰ ਇਲਾਕੇ ’ਚ ਮੋਟਰਸਾਈਕਲ ਸਵਾਰ ਦੋ ਸਾਫਟਵੇਅਰ ਇੰਜਨਅਰਾਂ ਨੂੰ ਕੁਚਲ ਦਿੱਤਾ। ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤਹਿਤ ਨਾਬਾਲਗ ਦੇ ਪਿਤਾ ਜੋ ਕਿ ਇੱਕ ਬਿਲਡਰ ਹੈ, ਨੂੰ ਅੱਜ ਛਤਰਪਤੀ ਸੰਭਾਜੀਨਗਰ ਤੋਂ ਹਿਰਾਸਤ ’ਚ ਲੈ ਕੇ ਪੁਣੇ ਲਿਆਂਦਾ ਗਿਆ ਅਤੇ ਸ਼ਾਮ ਸਮੇਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲੀਸ ਕਮਿਸ਼ਨਰ ਅਮਿਤੇਸ਼ ਕੁਮਾਰ ਕਿਹਾ ਕਿ ਹੋਟਲ ਬਲੈਕ ਕਲੱਬ ’ਚ ਕੰਮ ਕਰਨ ਵਾਲੇ ਜੈਏਸ਼ ਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ