ਮੋਰੈਨਾ, 29 ਜਨਵਰੀ
ਮੱਧ ਪ੍ਰਦੇਸ਼ ਦੇ ਮੋਰੈਨਾ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ ਸਿਖਲਾਈ ਮਿਸ਼ਨ ਦੌਰਾਨ ਹਾਦਸਾਗ੍ਰਸਤ ਹੋਏ ਮਿਰਾਜ 2000 ਦਾ ਬਲੈਕ ਬਾਕਸ ਤੇ ਸੁਖੋਈ-30ਐੱਮਕੇਆਈ ਜੈੱਟ ਦੇ ਫਲਾਈਟ ਡੇਟਾ ਰਿਕਾਰਡਰ ਦਾ ਇਕ ਹਿੱਸਾ ਅੱਜ ਮਲਬੇ ਵਿੱਚੋਂ ਬਰਾਮਦ ਹੋ ਗਿਆ ਹੈ। ਇਸ ਹਾਦਸੇ ਵਿੱਚ ਮਿਰਾਜ ਸਵਾਰ ਵਿੰਗ ਕਮਾਂਡਰ ਹਨੂਮੰਤ ਰਾਓ ਸਾਰਥੀ ਦੀ ਮੌਤ ਹੋ ਗਈ ਸੀ ਜਦੋੋਂਕਿ ਸੁਖੋਈ ਸਵਾਰ ਦੋ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਸਨ। ਰੱਖਿਆ ਮਾਹਿਰਾਂ ਦਾ ਮੰਨਣਾ ਹੈ ਕਿ ਰੂਸੀ ਡਿਜ਼ਾਈਨ ਵਾਲੇ ਸੁਖੋਈ-30 ਐੱਮਕੇਆਈ ਜੈੱਟ ਤੇ ਫਰਾਂਸ ਦੇ ਬਣੇ ਮਿਰਾਜ 2000 ਦੇ ਸਿਖਲਾਈ ਮਿਸ਼ਨ ਦੌਰਾਨ ਹਵਾ ਵਿੱਚ ਟਕਰਾਉਣ ਦੀ ਸੰਭਾਵਨਾ ਹੈ, ਪਰ ਭਾਰਤੀ ਹਵਾਈ ਫੌਜ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ। ਮੋਰੈਨਾ ਦੇ ਐੱਸਪੀ ਆਸ਼ੂਤੋਸ਼ ਬਾਗੜੀ ਨੇ ਇਸ ਖ਼ਬਰ ਏਜੰਸੀ ਨੂੰ ਫੋਨ ‘ਤੇ ਦੱਸਿਆ, ”ਮਿਰਾਜ ਜਹਾਜ਼ ਦਾ ਬਲੈਕ ਬਾਕਸ ਮੋਰੈਨਾ ਦੇ ਪਹਾੜਗੜ੍ਹ ਖੇਤਰ ਵਿੱਚ ਮਲਬੇ ‘ਚੋਂ ਲੱਭ ਗਿਆ ਹੈ ਜਦੋਂਕਿ ਸੁਖੋਈ ਜਹਾਜ਼ ਦੇ ਫਲਾਈਟ ਡੇਟਾ ਰਿਕਾਰਡਰ ਦਾ ਇਕ ਹਿੱਸਾ ਮਿਲ ਗਿਆ ਹੈ ਜਦੋਂਕਿ ਦੂਜਾ ਹਿੱਸਾ ਭਰਤਪੁਰ ਵਿੱਚ ਕਿਤੇ ਡਿੱਗਿਆ ਹੋ ਸਕਦਾ ਹੈ।” ਉਨ੍ਹਾਂ ਕਿਹਾ ਕਿ ਭਾਰਤੀ ਹਵਾਈ ਸੈਨਾ, ਪੁਲੀਸ ਤੇ ਹੋਰ ਵਿਭਾਗਾਂ ਵੱਲੋਂ ਸੁਖੋਈ ਜਹਾਜ਼ ਦੇ ਰਿਕਾਰਡਰ ਦਾ ਬਾਕੀ ਹਿੱਸਾ ਲੱਭਣ ਲਈ ਯਤਨ ਜਾਰੀ ਹਨ। -ਪੀਟੀਆਈ