ਭੋਪਾਲ, 17 ਜੁਲਾਈ
ਮੱਧ ਪ੍ਰਦੇਸ਼ ਵਿਚ ਹੋਈਆਂ ਨਗਰ ਨਿਗਮ ਚੋਣਾਂ ’ਚ ਭਾਜਪਾ ਅੱਗੇ ਰਹੀ ਹੈ। ਸੱਤਾਧਾਰੀ ਪਾਰਟੀ ਨੇ ਪੰਜ ਥਾਵਾਂ ਉਤੇ ਜਿੱਤ ਹਾਸਲ ਕੀਤੀ ਹੈ। ਸੂਬੇ ਦੀਆਂ 11 ਨਿਗਮਾਂ ਲਈ ਚੋਣਾਂ ਹੋਈਆਂ ਸਨ। ਕਾਂਗਰਸ ਤੇ ‘ਆਪ’ ਨੇ ਦੋ ਹੋਰ ਸ਼ਹਿਰਾਂ ਵਿਚ ਜਿੱਤ ਹਾਸਲ ਕੀਤੀ ਹੈ। ਕਈ ਥਾਵਾਂ ਉਤੇ ਵੋਟਾਂ ਦੀ ਗਿਣਤੀ ਦੇਰ ਰਾਤ ਤੱਕ ਜਾਰੀ ਸੀ। ਭਾਜਪਾ ਨੇ ਬੁਰਹਾਨਪੁਰ, ਸਤਨਾ, ਖੰਡਵਾ, ਸਾਗਰ ਤੇ ਉਜੈਨ ਵਿਚ ਹੋਈ ਮੇਅਰ ਦੀ ਚੋਣ ਜਿੱਤ ਲਈ ਹੈ। ਕਾਂਗਰਸ ਨੇ ਛਿੰਦਵਾੜਾ ਤੇ ਪਹਿਲੀ ਵਾਰ ਚੋਣ ਮੈਦਾਨ ਵਿਚ ਉਤਰੀ ‘ਆਪ’ ਨੇ ਸਿੰਗਰੌਲੀ ’ਚ ਜਿੱਤ ਦਰਜ ਕੀਤੀ ਹੈ। ਛਿੰਦਵਾੜਾ ’ਚ ਜਿੱਤ ਤੇ ਦੋ ਹੋਰ ਥਾਵਾਂ ਉਤੇ ਲੀਡ ਨਾਲ ਕਾਂਗਰਸ ਨੂੰ ਕਾਫ਼ੀ ਰਾਹਤ ਮਿਲੀ ਹੈ। ਪਿਛਲੀਆਂ ਚੋਣਾਂ ’ਚ ਕਾਂਗਰਸ ਇਕ ਵੀ ਕਾਰਪੋਰੇਸ਼ਨ ਚੋਣ ਜਿੱਤਣ ’ਚ ਨਾਕਾਮ ਰਹੀ ਸੀ। -ਪੀਟੀਆਈ