ਨਵੀਂ ਦਿੱਲੀ, 28 ਸਤੰਬਰ
ਲੈਫਟੀਨੈਂਟ ਜਨਰਲ (ਸੇਵਾਮੁਕਤ) ਅਨਿਲ ਚੌਹਾਨ ਨੂੰ ਅੱਜ ਨਵਾਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤਾ ਗਿਆ ਹੈ। ਜਨਰਲ ਬਿਪਿਨ ਰਾਵਤ ਦੀ ਮੌਤ ਤੋਂ ਬਾਅਦ ਇਹ ਅਹੁਦਾ ਖ਼ਾਲੀ ਸੀ। ਇਹ ਨਿਯੁਕਤੀ ਲਗਪਗ ਨੌਂ ਮਹੀਨਿਆਂ ਬਾਅਦ ਹੋਈ ਹੈ। ਰੱਖਿਆ ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਲੈਫਟੀਨੈਂਟ ਜਨਰਲ ਚੌਹਾਨ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ। ਲਗਪਗ 40 ਸਾਲਾਂ ਤੋਂ ਵੱਧ ਦੇ ਆਪਣੇ ਕਰੀਅਰ ਦੌਰਾਨ ਲੈਫਟੀਨੈਂਟ ਜਨਰਲ ਅਨਿਲ ਚੌਹਾਨ ਨੇ ਕਈ ਕਮਾਂਡਾਂ, ਸਟਾਫ਼ ਅਤੇ ਅਹਿਮ ਅਹੁਦਿਆਂ ’ਤੇ ਕੰਮ ਕੀਤਾ ਹੈ ਅਤੇ ਉਨ੍ਹਾਂ ਨੂੰ ਜੰਮੂ ਕਸ਼ਮੀਰ ਤੇ ਭਾਰਤ ਦੇ ਉਤਰ-ਪੂਰਬ ਖੇਤਰ ਵਿੱਚ ਅਤਿਵਾਦ ਵਿਰੋਧੀ ਆਪਰੇਸ਼ਨਾਂ ਦਾ ਕਾਫ਼ੀ ਤਜਰਬਾ ਹੈ। ਜ਼ਿਕਰਯੋਗ ਹੈ ਕਿ ਜਨਰਲ ਬਿਪਿਨ ਰਾਵਤ ਦੀ ਪਿਛਲੇ ਸਾਲ ਤਾਮਿਲ ਨਾਡੂ ਵਿੱਚ ਹੈਲੀਕਾਪਟਰ ਹਾਦਸੇ ਦੌਰਾਨ ਮੌਤ ਹੋ ਗਈ ਸੀ। -ਪੀਟੀਆਈ