ਨਵੀਂ ਦਿੱਲੀ: ਸਿਆਸੀ ਕਾਰਕੁਨ ਤੇ ਕਾਲਮਨਵੀਸ ਤਹਿਸੀਨ ਪੂਨਾਵਾਲਾ ਨੇ ਭਾਰਤ ਦੇ ਚੀਫ਼ ਜਸਟਿਸ ਐੱਸ.ਏ. ਬੋਬੜੇ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਰਕਾਰ ਵੱਲੋਂ ਰੋਸ ਮੁਜ਼ਾਹਰੇ ਵਾਲੀਆਂ ਥਾਵਾਂ ’ਤੇ ਇੰਟਰਨੈੱਟ ‘ਮਨਮਰਜ਼ੀ ਨਾਲ ਬੰਦ ਕਰਨ’ ਦਾ ਸਿਖਰਲੀ ਅਦਾਲਤ ਨੋਟਿਸ ਲਏ। ਪੂਨਾਵਾਲਾ ਨੇ ਕਿਹਾ ਕਿ ਮੌਜੂਦਾ ਭਾਰਤ ਸਰਕਾਰ ਦਾ ਰਿਕਾਰਡ ਇੰਟਰਨੈੱਟ ਬੰਦ ਕਰਨ ਦੇ ਮਾਮਲੇ ਵਿਚ ਬੇਹੱਦ ਮਾੜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਦੇ ਲੋਕਤੰਤਰਾਂ ਵਿਚੋਂ ਭਾਰਤ ’ਚ ਸਭ ਤੋਂ ਵੱਧ ਵਾਰ ਇੰਟਰਨੈੱਟ ਬੰਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕਿਤੇ ਲੋਕ ਰੋਸ ਪ੍ਰਗਟਾਉਂਦੇ ਹਨ ਇੰਟਰਨੈੱਟ ਬੰਦ ਕਰ ਦਿੱਤਾ ਜਾਂਦਾ ਹੈ। ਇਸ ਲਈ ਅਦਾਲਤ ਇਸ ਦਾ ਨੋਟਿਸ ਲਏ ਕਿਉਂਕਿ ਅਜੋਕੇ ਸਮੇਂ ’ਚ ਇੰਟਰਨੈੱਟ ਸਾਡੀ ਜ਼ਿੰਦਗੀ ਦਾ ਬੇਹੱਦ ਅਹਿਮ ਹਿੱਸਾ ਹੈ। -ਪੀਟੀਆਈ