ਨਵੀਂ ਦਿੱਲੀ, 11 ਫਰਵਰੀ
ਖੱਬੇ ਪੱਖੀ ਪਾਰਟੀਆਂ ਨੇ ਭੀਮਾ ਕੋਰੇਗਾਓਂ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕੁਝ ਰਿਪੋਰਟਾਂ ਦਾ ਹਵਾਲਾ ਦਿੱਤਾ ਹੈ ਜਿਨ੍ਹਾਂ ਰਾਹੀਂ ਇਹ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਸਾਰਿਆਂ ਖ਼ਿਲਾਫ਼ ਸਬੂਤ ‘ਖ਼ੁਦ ਤਿਆਰ ਕੀਤਾ’ ਗਿਆ ਸੀ। ਪਾਰਟੀਆਂ ਨੇ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਹੈ, ਜਿਸ ’ਚ ਇਹ ਦਾਅਵਾ ਕੀਤਾ ਗਿਆ ਹੈ ਕਿ ਅਮਰੀਕਾ ਵਿੱਚ ਸਥਿਤ ਇੱਕ ਫੋਰੈਂਸਿਕ ਲੈਬ ਨੇ ਖੁਲਾਸਾ ਕੀਤਾ ਹੈ ਕਿ ਇਸ ਕੇਸ ਦੇ ਸਬੰਧ ’ਚ ਗ੍ਰਿਫ਼ਤਾਰ ਕੀਤੇ ਗਏ ਇੱਕ ਕਾਰਕੁਨ ਰੋਨਾ ਵਿਲਸਨ ਦੇ ਕੰਪਿਊਟਰ ਨੂੰ ਹੈਕ ਕਰ ਕੇ ਇਸ ’ਚ ਮਾਲਵੇਅਰ ਸਥਾਪਤ (ਇੰਸਟਾਲ) ਕਰ ਦਿੱਤਾ ਗਿਆ ਸੀ ਜਿਸ ਨੇ ਉਸ ਦੀਆਂ ਫਾਈਲਾਂ ’ਚ ਇਤਰਾਜ਼ਯੋਗ ਈ-ਮੇਲਜ਼ ਤਿਆਰ ਕਰ ਦਿੱਤੀਆਂ ਸਨ, ਜਿਸ ਨੂੰ ਉਸ ਨੇ ਕਦੇ ਵੇਖਿਆ ਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਹੋਰ ਕਈ ਮਾਹਿਰਾਂ ਵੱਲੋਂ ਵੀ ਕੀਤੀ ਗਈ ਹੈ।
ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ,‘ਸੀਪੀਆਈ (ਐੱਮ) ਦੇ ਪੋਲਿਟਬਿਊਰੋ ਵੱਲੋਂ ਭੀਮਾ ਕੋਰੇਗਾਓਂ ਕੇਸ ’ਚ ਗ੍ਰਿਫ਼ਤਾਰ ਕਾਰਕੁਨਾਂ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦੀ ਮੰਗ ਕੀਤੀ ਜਾਂਦੀ ਹੈ। ਪਾਰਟੀ ਨੇ ਮਹਾਰਾਸ਼ਟਰ ਸਰਕਾਰ ਨੂੰ ਕੌਮਾਂਤਰੀ ਮਾਹਿਰਾਂ ਵੱਲੋਂ ਉਜਾਗਰ ਕੀਤੀਆਂ ਗਈਆਂ ਭਰੋਸੇਯੋਗ ਰਿਪੋਰਟਾਂ ਰਾਹੀਂ ਨਸ਼ਰ ਜਾਣਕਾਰੀ ਦੇ ਸਬੰਧ ’ਚ ‘ਸਿਟ’ ਸਥਾਪਤ ਕਰਨ ਦੀ ਮੰਗ ਕੀਤੀ ਹੈ। ਚੇਤੇ ਰਹੇ ਕਿ ਐੱਨਆਈਏ ਨੇ ਇਨ੍ਹਾਂ ਈ-ਮੇਲਜ਼ ਦੇ ਇਸ ਸਾਜਿਸ਼ ਦਾ ਹਿੱਸਾ ਹੋਣ ਦਾ ਦਾਅਵਾ ਕੀਤਾ ਸੀ।’ ਸੀਪੀਆਈ ਨੇ ਇਸ ਮਾਮਲੇ ’ਚ ਤੁਰੰਤ ਕਾਰਵਾਈ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।
-ਪੀਟੀਆਈ