ਕੋਲਕਾਤਾ/ਮੁੰਬਈ/ਨਵੀਂ ਦਿੱਲੀ, 1 ਜੂਨ
ਮੁੱਖ ਅੰਸ਼
- ਪੋਸਟਮਾਰਟਮ ਦੀ ਮੁੱਢਲੀ ਰਿਪੋਰਟ ਮੁਤਾਬਕ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ
- ਮੁੰਬਈ ’ਚ ਅੱਜ ਹੋਵੇਗਾ ਸਸਕਾਰ
ਉੱਘੇ ਗਾਇਕ ਕੇਕੇ ਉਰਫ਼ ਕ੍ਰਿਸ਼ਨਕੁਮਾਰ ਕੁਨਾਥ (53) ਦੀ ਮੰਗਲਵਾਰ ਰਾਤ ਕੋਲਕਾਤਾ ਵਿਚ ਸ਼ੋਅ ਤੋਂ ਬਾਅਦ ਹੋਈ ਮੌਤ ਦੀ ਪੁਲੀਸ ਨੇ ਜਾਂਚ ਆਰੰਭ ਦਿੱਤੀ ਹੈ। ਕੋਲਕਾਤਾ ਪੁਲੀਸ ਨੇ ਫ਼ਿਲਹਾਲ ਇਸ ਮਾਮਲੇ ਵਿਚ ਗੈਰ-ਕੁਦਰਤੀ ਮੌਤ ਦਾ ਕੇਸ ਦਰਜ ਕੀਤਾ ਹੈ। ਗਾਇਕ ਦੀ ਮੌਤ ’ਤੇ ਸਿਆਸੀ ਧਿਰਾਂ ਨੇ ਵੀ ਇਕ-ਦੂਜੇ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਧਿਰ ਭਾਜਪਾ ਨੇ ਪੱਛਮੀ ਬੰਗਾਲ ਸਰਕਾਰ ’ਤੇ ਲਾਪ੍ਰਵਾਹੀ ਵਰਤਣ ਦਾ ਦੋਸ਼ ਲਾਇਆ ਹੈ। ਟੀਐਮਸੀ ਨੇ ਭਾਜਪਾ ਨੂੰ ਮੌਤ ’ਤੇ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ ਹੈ। ਗਾਇਕ ਦੀ ਮੁੱਢਲੀ ਪੋਸਟਮਾਰਟਮ ਰਿਪੋਰਟ ਵਿਚ ਸੰਕੇਤ ਮਿਲੇ ਹਨ ਕਿ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੀ ਹੋਈ ਹੈ। ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕੇਕੇ ਨੂੰ ਲੰਮੇ ਸਮੇਂ ਤੋਂ ਦਿਲ ਨਾਲ ਸਬੰਧਤ ਕੁਝ ਸਮੱਸਿਆਵਾਂ ਸਨ। ਪੋਸਟਮਾਰਟਮ ਕਰਨ ਵਾਲੀ ਟੀਮ ਨੇ ਮੌਤ ਪਿੱਛੇ ਕੋਈ ਹੋਰ ਕਾਰਨ ਹੋਣ ਤੋਂ ਇਨਕਾਰ ਕੀਤਾ ਹੈ। ਆਖ਼ਰੀ ਰਿਪੋਰਟ 72 ਘੰਟੇ ਬਾਅਦ ਜਾਰੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਆਗੂ ਰਾਹੁਲ ਗਾਂਧੀ ਸਣੇ ਕਈ ਸਿਆਸੀ ਆਗੂਆਂ ਨੇ ਕੇਕੇ ਦੇ ਦੇਹਾਂਤ ਉਤੇ ਦੁੱਖ ਜ਼ਾਹਿਰ ਕੀਤਾ ਹੈ। ਦੱਸਣਯੋਗ ਹੈ ਕਿ ਕੇਕੇ ਕੋਲਕਾਤਾ ਦੇ ਦੋ ਦਿਨ ਦੇ ਟੂਰ ਉਤੇ ਆਏ ਸਨ। ਦੋ ਕਾਲਜਾਂ ਵਿਚ ਉਨ੍ਹਾਂ ਦੇ ਪ੍ਰੋਗਰਾਮ ਸਨ। ਜਦ ਉਹ ਪ੍ਰੋਗਰਾਮ ਤੋਂ ਬਾਅਦ ਹੋਟਲ ਪਹੁੰਚੇ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਇਕ ਤਰ੍ਹਾਂ ਨਾਲ ਉਨ੍ਹਾਂ ਨੂੰ ਘੇਰ ਹੀ ਲਿਆ। ਇਸ ਮੌਕੇ ਗਾਇਕ ਨੇ ਕਈ ਪ੍ਰਸ਼ੰਸਕਾਂ ਨੂੰ ਪਹਿਲਾਂ ਆਪਣੇ ਨਾਲ ਸੈਲਫ਼ੀ ਲੈਣ ਦਿੱਤੀ, ਪਰ ਬਾਅਦ ਵਿਚ ਉਨ੍ਹਾਂ ਹੋਰ ਸੈਲਫ਼ੀਆਂ ਤੋਂ ਇਨਕਾਰ ਕਰ ਦਿੱਤਾ ਤੇ ਹੋਟਲ ਦੀ ਲਾਬੀ ਵਿਚੋਂ ਉੱਪਰ ਚਲੇ ਗਏ। ਇਸੇ ਦੌਰਾਨ ਉਹ ਲੜਖੜਾ ਕੇ ਫਰਸ਼ ’ਤੇ ਡਿੱਗ ਗਏ। ਉਨ੍ਹਾਂ ਦੇ ਨਾਲ ਉਸ ਵੇਲੇ ਮੌਜੂਦ ਲੋਕਾਂ ਨੇ ਇਸ ਬਾਰੇ ਹੋਟਲ ਪ੍ਰਬੰਧਕਾਂ ਨੂੰ ਜਾਣੂ ਕਰਾਇਆ। ਕੇਕੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਗਾਇਕ ਦੇ ਸਿਰ ’ਤੇ ਬੁੱਲ੍ਹਾਂ ਉਤੇ ਸੱਟ ਵੀ ਵੱਜੀ ਹੋਈ ਸੀ ਜੋ ਸ਼ਾਇਦ ਅਚਾਨਕ ਡਿਗਣ ਕਰਕੇ ਲੱਗੀ ਹੋ ਸਕਦੀ ਹੈ। ਪੋਸਟਮਾਰਟਮ ਮਗਰੋਂ ਗਾਇਕ ਦੀ ਮ੍ਰਿਤਕ ਦੇਹ ਨੂੰ ਮੁੰਬਈ ਲਿਆਂਦਾ ਗਿਆ ਹੈ। ਅੰਤਿਮ ਰਸਮਾਂ ਭਲਕੇ ਮੁੰਬਈ ਵਿਚ ਹੋਣਗੀਆਂ। ਪੁਲੀਸ ਨੇ ਕੇਕੇ ਦੇ ਮੈਨੇਜਰ ਤੇ ਹੋਟਲ ਦੇ ਸਟਾਫ਼ ਤੋਂ ਵੀ ਪੁੱਛਗਿੱਛ ਕੀਤੀ ਹੈ। -ਪੀਟੀਆਈ
ਮਮਤਾ ਨੇ ਪਰਿਵਾਰ ਨਾਲ ਦੁੱਖ ਵੰਡਾਇਆ
ਪੱਛਮੀ ਬੰਗਾਲ ਸਰਕਾਰ ਨੇ ਕੇਕੇ ਨੂੰ ਗੰਨ ਸਲੂਟ ਨਾਲ ਆਖ਼ਰੀ ਵਿਦਾਇਗੀ ਦਿੱਤੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਗਾਇਕ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਕੇਕੇ ਦੀ ਪਤਨੀ ਤੇ ਪਰਿਵਾਰ ਨਾਲ ਕੁਝ ਸਮਾਂ ਬਿਤਾ ਕੇ ਉਨ੍ਹਾਂ ਦਾ ਦੁੱਖ ਵੰਡਾਇਆ। ਕੇਕੇ ਦੀ ਮੌਤ ਬਾਰੇ ਖ਼ਬਰ ਮਿਲਣ ’ਤੇ ਮੁੱਖ ਮੰਤਰੀ ਨੇ ਤੁਰੰਤ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਤੇ ਅਫ਼ਸੋਸ ਜ਼ਾਹਿਰ ਕਰਨ ਕੋਲਕਾਤਾ ਪਹੁੰਚੀ।
ਭਾਜਪਾ ਤੇ ਕਾਂਗਰਸ ਨੇ ਮੌਤ ਪਿਛਲੇ ਕਾਰਨਾਂ ਦੀ ਜਾਂਚ ਮੰਗੀ
ਬੰਗਾਲ ਭਾਜਪਾ ਦੇ ਬੁਲਾਰੇ ਸਮੀਕ ਭੱਟਾਚਾਰੀਆ ਨੇ ਕਿਹਾ ਕਿ ਪ੍ਰੋਗਰਾਮ ਵਾਲੀ ਥਾਂ ਸੱਤ ਹਜ਼ਾਰ ਲੋਕ ਮੌਜੂਦ ਸਨ ਜਦਕਿ ਸਮਰੱਥਾ ਤਿੰਨ ਹਜ਼ਾਰ ਲੋਕਾਂ ਦੀ ਸੀ। ਲੋਕ ਉੱਥੇ ਗਾਇਕ ਦੇ ਲਗਭਗ ਉਪਰ ਹੀ ਚੜ੍ਹ ਗਏ ਜਿਸ ਦਾ ਮਤਲਬ ਉੱਥੇ ‘ਵੀਆਈਪੀ’ ਹਸਤੀ ਲਈ ਪੁਖ਼ਤਾ ਸੁਰੱਖਿਆ ਪ੍ਰਬੰਧ ਨਹੀਂ ਸਨ। ਉਨ੍ਹਾਂ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ ਹੈ। ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਵੀ ਮਾਮਲੇ ਦੀ ਜਾਂਚ ਸਮਰੱਥ ਅਥਾਰਿਟੀ ਤੋਂ ਕਰਾਉਣ ਦੀ ਮੰਗ ਕੀਤੀ ਹੈ।