ਪਟਨਾ/ਨਵੀਂ ਦਿੱਲੀ, 6 ਜੁਲਾਈ
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੀ ਹਾਲਤ ਵਿੱਚ ਕੋਈ ਬਹੁਤਾ ਸੁਧਾਰ ਨਜ਼ਰ ਨਾ ਆਉਂਦਾ ਵੇਖ ਪਰਿਵਾਰ ਨੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਦਿੱਲੀ ਦੇ ਏਮਸ ਦਾਖ਼ਲ ਕਰਵਾ ਦਿੱਤਾ ਹੈ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਯਾਦਵ ਰਾਤ ਸਵਾ ਅੱਠ ਵਜੇ ਦੇ ਕਰੀਬ ਏਅਰ ਐਂਬੂਲੈਂਸ ਰਾਹੀਂ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਡਾਕਟਰਾਂ ਦੀ ਟੀਮ ਤੇ ਆਰਜੇਡੀ ਆਗੂ ਦੀ ਸਭ ਤੋਂ ਵੱਡੀ ਧੀ ਤੇ ਰਾਜ ਸਭਾ ਮੈਂਬਰ ਮੀਸਾ ਭਾਰਤੀ ਵੀ ਮੌਜੂਦ ਸੀ। ਮੀਸਾ ਐੱਮਬੀਬੀਐੱਸ ਡਾਕਟਰ ਵੀ ਹੈ। ਲਾਲੂ ਦੀ ਪਤਨੀ ਰਾਬੜੀ ਦੇਵੀ ਤੇ ਛੋਟਾ ਪੁੱਤਰ ਤੇਜਸਵੀ ਯਾਦਵ ਪ੍ਰਬੰਧਾਂ ਦੀ ਨਿਗਰਾਨੀ ਲਈ ਕੁਝ ਘੰਟੇ ਪਹਿਲਾਂ ਹੀ ਨਵੀਂ ਦਿੱਲੀ ਪੁੱਜ ਗਏ ਸਨ। ਤੇਜਸਵੀ ਯਾਦਵ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਸਿੰਗਾਪੁਰ ਵੀ ਜਾਣਗੇ। ਇਸ ਤੋਂ ਪਹਿਲਾਂ ਤੇਜਸਵੀ ਨੇ ਪਟਨਾ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਹੋਰਨਾਂ ਆਗੂਆਂ ਨੇ ਫੋਨ ਕਰਕੇ ਆਰਜੇਡੀ ਆਗੂ ਦੀ ਸਿਹਤ ਬਾਰੇ ਪੁੱਛਿਆ ਤੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਦੁਆ ਕੀਤੀ। ਇਸ ਦੌਰਾਨ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਪਾਰਸ ਹਸਪਤਾਲ ਜਾ ਕੇ ਆਰਜੇਡੀ ਮੁਖੀ ਦੀ ਖ਼ਬਰਸਾਰ ਲਈ। ਕੁਮਾਰ ਨੇ ਲਾਲੂ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਲਾਲੂ ਦੇ ਦੋਵੇਂ ਪੁੱਤਰ ਤੇਜਸਵੀ ਤੇ ਤੇਜ ਪ੍ਰਤਾਪ ਵੀ ਮੌਜੂਦ ਸਨ। ਲਾਲੂ ਯਾਦਵ ਪਿਛਲੇ ਕੁਝ ਮਹੀਨੇ ਦਿੱਲੀ ਦੇ ਏਮਸ ਵਿੱਚ ਜ਼ੇਰੇ ਇਲਾਜ ਸਨ, ਜਿੱਥੋਂ ਉਨ੍ਹਾਂ ਨੂੰ ਅਜੇ ਪਿੱਛੇ ਜਿਹੇ ਪਟਨਾ ਭੇਜਿਆ ਗਿਆ ਸੀ। ਆਰਜੇਡੀ ਮੁਖੀ ਲੰਘੇ ਐਤਵਾਰ ਨੂੰ 10 ਸਰਕੁਲਰ ਰੋਡ ਸਥਿਤ ਆਪਣੀ ਪਤਨੀ ਰਾਬੜੀ ਦੇਵੀ ਦੀ ਸਰਕਾਰੀ ਰਿਹਾਇਸ਼ ’ਤੇ ਡਿੱਗ ਪਏ ਸਨ, ਜਿਸ ਕਰਕੇ ਉਨ੍ਹਾਂ ਦਾ ਸੱਜਾ ਮੋਢਾ ਮਾਮੂਲੀ ਫਰੈਕਚਰ ਹੋ ਗਿਆ ਸੀ। ਲਾਲੂ ਦੇ ਗੁਰਦਿਆਂ ਤੇ ਫੇਫੜਿਆਂ ਵਿੱਚ ਲਾਗ ਤੋਂ ਇਲਾਵਾ ਉਨ੍ਹਾਂ ਨੂੰ ਬਲੱਡ ਪ੍ਰੈੱਸ਼ਰ ਤੇ ਹੋਰ ਸਿਹਤ ਵਿਗਾੜਾਂ ਨਾਲ ਜੂਝਣਾ ਪੈ ਰਿਹਾ ਹੈ। -ਪੀਟੀਆਈ