ਪਟਨਾ, 5 ਜੁਲਾਈ
ਰਾਸ਼ਟਰੀ ਜਨਤਾ ਦਲ (ਆਰਜੇਡੀ) ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਅੱਜ ਲੰਬੇ ਅਰਸੇ ਮਗਰੋਂ ਪਹਿਲੀ ਸਿਆਸੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਦੀ ਕੇਂਦਰ ਸਰਕਾਰ ਅਤੇ ਬਿਹਾਰ ਦੇ ਨਿਤੀਸ਼ ਕੁਮਾਰ ਪ੍ਰਸ਼ਾਸਨ ਦੀ ਉਨ੍ਹਾਂ ਦੀਆਂ ਖਾਮੀਆਂ ਲਈ ਨਿਖੇਧੀ ਕੀਤੀ। ਉਨ੍ਹਾਂ ਉਮੀਦ ਜਤਾਈ ਉਨ੍ਹਾਂ ਦੇ ਬੇਟੇ ਤੇਜਸਵੀ ਯਾਦਵ ਦੇ ਹੱਥਾਂ ’ਚ ਉਨ੍ਹਾਂ ਦੀ ਪਾਰਟੀ ਦਾ ਭਵਿੱਖ ਰੌਸ਼ਨ ਹੋਵੇਗਾ।
ਜਨਤਾ ਦਲ ਤੋਂ ਵੱਖ ਹੋਣ ਮਗਰੋਂ 1997 ’ਚ ਕਾਇਮ ਕੀਤੇ ਆਰਜੇਡੀ ਦੀ ਸਿਲਵਰ ਜੁਬਲੀ ਮੌਕੇ ਟੀਵੀ ’ਤੇ ਨਜ਼ਰ ਆਏ ਯਾਦਵ ਨੇ ਉਨ੍ਹਾਂ ਵੱਲੋਂ ਓਬੀਸੀ ਕੋਟੇ ਲਈ ਕੀਤੇ ਸੰਘਰਸ਼ ਅਤੇ ਕਮਜ਼ੋਰ ਵਰਗਾਂ ਦੇ ਹੱਕਾਂ ਲਈ ਲੜੀ ਲੜਾਈ ਨੂੰ ਯਾਦ ਕੀਤਾ। ਕਈ ਬਿਮਾਰੀਆਂ ਤੋਂ ਪੀੜਤ ਲਾਲੂ ਪ੍ਰਸਾਦ ਯਾਦਵ ਦਿੱਲੀ ’ਚ ਆਪਣੀ ਬੇਟੀ ਦੀ ਰਿਹਾਇਸ਼ ’ਤੇ ਰਹਿ ਰਹੇ ਹਨ ਅਤੇ ਏਮਸ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਨੇ ਪਾਰਟੀ ਹੈੱਡਕੁਆਰਟਰ ’ਚ ਹਾਜ਼ਰ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਵਰਚੁਅਲ ਸੰਬੋਧਨ ਕੀਤਾ।
ਸ੍ਰੀ ਯਾਦਵ, ਜੋ ਕਿ ਭਾਜਪਾ ਦੇ ਕੱਟੜ ਆਲੋਚਕ ਹਨ, ਨੇ ਭਾਜਪਾ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਿੱਧਾ ਨਾਂ ਲਏ ਬਗ਼ੈਰ ਕਿਹਾ, ‘ਕਰੋਨਾ ਵਾਂਗ ਜੀਐੱਸਟੀ ਅਤੇ ਨੋਟਬੰਦੀ ਨੇ ਵਿੱਤੀ ਸੰਕਟ ਪੈਦਾ ਕੀਤਾ। ਹੁਣ ਸਮਾਜਿਕ ਤਾਣਾ-ਬਾਣਾ ਵੀ ਤਬਾਹ ਹੋਣ ਦਾ ਵੀ ਖ਼ਤਰਾ ਹੈ। ਅਯੁੱਧਿਆ ਤੋਂ ਬਾਅਦ ਕੁਝ ਲੋਕ ਹੁਣ ਮਥੁਰਾ ਦੀ ਗੱਲ ਕਰ ਰਹੇ ਹਨ।’ ਬਿਹਾਰ ਦੀ ਨਿਤੀਸ਼ ਕੁਮਾਰ ਦੀ ਸਰਕਾਰ ’ਤੇ ਭ੍ਰਿਸ਼ਟਾਚਾਰ ਅਤੇ ਕਰੋਨਾ ਦੇ ਟਾਕਰੇ ਲਈ ਕਥਿਤ ਮਾੜੇ ਪ੍ਰਸ਼ਾਸਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ‘ਚਾਰ ਕਤਲ’ ਹੋ ਰਹੇ ਹਨ ਅਤੇ ਸੂਬੇ ’ਚ ਰੁਜ਼ਗਾਰ ਦੀ ਘਾਟ ਕਾਰਨ ਲੱਖਾਂ ਲੋਕਾਂ ਪਰਵਾਸੀ ਮਜ਼ਦੂਰ ਬਣ ਰਹੇ ਹਨ। -ਪੀਟੀਆਈ
ਜੇਡੀਯੂ ਵੱਲੋਂ ਆਰਜੇਡੀ ਨੂੰ 25 ਸਵਾਲ
ਪਟਨਾ: ਰਾਸ਼ਟਰੀ ਜਨਤਾ ਦਲ ਦੇ 25ਵੇਂ ਸਥਾਪਨਾ ਦਿਵਸ ਮੌਕੇ ਜਨਤਾ ਦਲ ਯੂਨਾਈਟਿਡ ਨੇ ਬਿਹਾਰ ਵਿਧਾਨ ਸਭਾ ’ਚ ਵਿਰੋਧੀ ਨੇਤਾ ਤੇਜਸਵੀ ਯਾਦਵ ਨੂੰ 25 ਸਵਾਲ ਕੀਤੇ ਹਨ। ਜੇਡੀਯੂ ਦੇ ਸਾਬਕਾ ਮੰਤਰੀ ਨੀਰਜ ਕੁਮਾਰ ਨੇ ਕਿਹਾ, ‘ਲਾਲੂ ਪ੍ਰਸਾਦ ਅਤੇ ਰਾਬੜੀ ਦੇਵੀ ਦੇ 15 ਸਾਲਾਂ ਦੇ ਸ਼ਾਸਨ ਦੌਰਾਨ ਬਿਹਾਰ ਦੀ ਹਾਲਤ ਹਰ ਕੋਈ ਜਾਣਦਾ ਹੈ। ਉਸ ਸਮੇਂ ਭ੍ਰਿਸ਼ਟਾਚਾਰ, ਕਤਲੋਗਾਰਤ ਸੀ ਅਤੇ ਕਾਨੂੰਨ ਤੇ ਸ਼ਾਂਤੀ ਦੀ ਘਾਟ ਸੀ। ਲਾਲੂ ਪ੍ਰਸਾਦ ਅਤੇ ਉਨ੍ਹਾਂ ਦੇ ਬੇੇਟੇ ਤੇਜਸਵੀ ਨੂੰ ਉਹ ਮਾੜੀਆਂ ਘਟਨਾਵਾਂ ਆਮ ਲੋਕਾਂ ਨੂੰ ਦੱਸਣੀਆਂ ਚਾਹੀਦੀਆਂ ਹਨ।’ ਉਨ੍ਹਾਂ ਕਿਹਾ, ‘ਆਰਜੇਡੀ ਮੁਖੀ ਲਾਲੂ ਪ੍ਰਸਾਦ ਬਿਮਾਰ ਹਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਾਰਟੀ ’ਤੇ ਕੰਟਰੋਲ ਲਈ ਪ੍ਰਧਾਨਗੀ ਵਾਸਤੇ ਲੜ ਰਹੇ ਹਨ।’ ਕੁਮਾਰ ਨੇ ਕਿਹਾ, ‘ਤੇਜਸਵੀ 29 ਸਾਲਾਂ ਦਾ ਹੈ ਤੇ ਉਸ ਦੀਆਂ 52 ਚੱਲ ਤੇ ਅਚੱਲ ਜਾਇਦਾਦਾਂ ਹਨ। ਉਸ ਨੂੰ ਇਨ੍ਹਾਂ ਦਾ ਕਮਾਈ ਦਾ ਵਸੀਲਾ ਦੱਸਣਾ ਚਾਹੀਦਾ ਹੈ।’ ਉਨ੍ਹਾਂ ਨੇ ਉਕਤ ਤੋਂ ਇਲਾਵਾ ਆਰਜੇਡੀ ਤੋਂ ਹੋਰ ਸਵਾਲਾਂ ਦੇ ਜਵਾਬ ਵੀ ਮੰਗੇ ਹਨ। -ਆਈਏਐੱਨਐੱਸ