ਲਖੀਮਪੁਰ ਖੀਰੀ (ਯੂਪੀ), 28 ਸਤੰਬਰ
ਇੱਥੇ ਇੱਕ ਨਿੱਜੀ ਬੱਸ ਅਤੇ ਮਿਨੀ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੀ ਟੱਕਰ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 41 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਪ੍ਰਧਾਨ ਮੰਤਰੀ ਨੇ ਹਰ ਮ੍ਰਿਤਕ ਦੇ ਪਰਿਵਾਰ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ’ਚੋਂ ਦੋ-ਦੋ ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਯੋਗੀ ਆਦਿਤਿਆਨਾਥ ਨੇ ਜ਼ਖਮੀਆਂ ਦਾ ਇਲਾਜ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਡੀਐੱਸਪੀ ਪ੍ਰੀਤਮ ਪਾਲ ਸਿੰਘ ਨੇ ਦੱਸਿਆ ਕਿ ਧੌਰਹਾਰਾ ਤੋਂ ਲਖਨਊ ਜਾ ਰਹੀ ਬੱਸ ਕੌਮੀ ਹਾਈਵੇਅ ਨੰਬਰ 730 ’ਤੇ ਆਇਰਾ ਪੁਲ ’ਤੇ ਉਲਟ ਦਿਸ਼ਾ ਵੱਲੋਂ ਆ ਰਹੇ ਇੱਕ ਟਰੱਕ ਨਾਲ ਟਕਰਾ ਗਈ, ਜਿਸ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ 41 ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਅੱਠ ਦੀ ਪਛਾਣ ਜਤਿੰਦਰ (25), ਕੌਸ਼ਲ ਕਿਸ਼ੋਰ (58), ਸੁਰਿੰਦਰ ਕੁਮਾਰ ਚੌਰਸੀਆ (35), ਅਜੀਮੁਨ (55), ਸਗੀਰ (45), ਮੁੰਨੂ ਮਿਸ਼ਰਾ (16), ਆਰਿਆ ਨਿਗਮ (8) ਅਤੇ ਸਰਸਵਤੀ ਪ੍ਰਸਾਦ ਵਰਮਾ (94) ਵਜੋਂ ਹੋਈ ਹੈ। ਬਾਕੀ ਦੋ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਬੱਸ ਨੂੰ ਗੈਸ ਕਟਰ ਦੀ ਮਦਦ ਨਾਲ ਕੱਟ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ। ਐੱਸਐੱਮਓ ਨੇ ਦੱਸਿਆ ਕਿ ਜ਼ਖ਼ਮੀਆਂ ’ਚੋਂ 12 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਲਖਨਊ ਟਰੋਮਾ ਸੈਂਟਰ ਭੇਜਿਆ ਗਿਆ ਹੈ, ਜਦਕਿ 29 ਦਾ ਜ਼ਿਲ੍ਹਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। -ਪੀਟੀਆਈ