ਅਦਿਤੀ ਟੰਡਨ
ਨਵੀਂ ਦਿੱਲੀ, 17 ਜੂਨ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਬੁੱਧਵਾਰ ਨੂੰ ਆਪਣੀ ਪਾਰਟੀ ਵੱਲੋਂ ਭਾਰਤੀ ਫੌਜ ਅਤੇ ਸਰਕਾਰ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਰਾਸ਼ਟਰ ਨੂੰ ਤੱਥਾਂ ਅਤੇ ਸੱਚ ਦੇ ਅਧਾਰ’ ਤੇ ਭਰੋਸਾ ਦੇਣ। ਅੱਜ ਵੀਡੀਓ ਸੰਦੇਸ਼ ਵਿੱਚ ਉਨ੍ਹਾਂ ਨੇ 20 ਫੌਜੀਆਂ ਦੀ ਸ਼ਹਾਦਤ ’ਤੇ ਸੋਗ ਪ੍ਰਗਟ ਕੀਤਾ ਅਤੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਉਹ ਖੁੱਲ੍ਹ ਦੇ ਦੱਸਣ ਕਿ ਚੀਨ ਨੇ ਭਾਰਤੀ ਖੇਤਰ ਉੱਤੇ ਕਿਵੇਂ ਕਬਜ਼ਾ ਕੀਤਾ ਹੈ ਅਤੇ ਉਸ ਨੇ ਭਾਰਤ ਦੇ ਕਿਹੜੇ ਹਿੱਸੇ ਲਏ ਹਨ। ਉਨ੍ਹਾਂ ਕਿਹਾ ਕਿ ਬੀਤੇ ਡੇਢ ਮਹੀਨੇ ਤੋਂ ਚੀਨੀ ਲੱਦਾਖ ਵਿੱਚ ਭਾਰਤੀ ਸਰਹੱਦ ਉੱਤੇ ਘੁਸਪੈਠ ਕਰ ਰਹੇ ਹਨ। ਅੱਜ ਜਦੋਂ ਸਾਡੇ ਸੈਨਿਕਾਂ ਦੀ ਸ਼ਹਾਦਤ ਨੂੰ ਲੈ ਕੇ ਦੇਸ਼ ਵਿੱਚ ਇੰਨਾ ਗੁੱਸਾ ਹੈ ਤਾਂ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਚੀਨੀ ਕਿਸ ਤਰ੍ਹਾਂ ਭਾਰਤੀ ਖੇਤਰ ਉੱਤੇ ਕਬਜ਼ਾ ਕਰਨ ਵਿੱਚ ਕਾਮਯਾਬ ਹੋਏ ਅਤੇ ਸਾਡੇ ਸੈਨਿਕ ਕਿਉਂ ਸ਼ਹੀਦ ਹੋਏ। ਉਨ੍ਹਾਂ ਪੁੱਛਿਆ ਕਿ ਚੀਨ ਨਾਲ ਲੱਗਣੀ ਸਰਹੱਦ ’ਤੇ ਹਾਲਾਤ ਕਿਹੋ ਜਿਹੇ ਹਨ, ਸਥਿਤੀ ਨਾਲ ਨਜਿੱਠਣ ਲਈ ਸਰਕਾਰ ਦੀ ਰਣਨੀਤੀ ਅਤੇ ਸੋਚ ਕੀ ਹੈ? ਹੁਣ ਵੀ ਭਾਰਤੀ ਫੌਜ ਦੇ ਅਧਿਕਾਰੀ ਅਤੇ ਸਿਪਾਹੀ ਲਾਪਤਾ ਹਨ ਅਤੇ ਬਹੁਤ ਸਾਰੇ ਗੰਭੀਰ ਜ਼ਖਮੀ ਹਨ। ਚੀਨ ਨੇ ਭਾਰਤ ਦੇ ਕਿਹੜੇ ਹਿੱਸੇ ਉੱਤੇ ਕਬਜ਼ਾ ਕੀਤਾ ਹੈ? ਉਸਨੇ ਰਾਸ਼ਟਰ ਨੂੰ ਭਰੋਸਾ ਦਿਵਾਇਆ ਕਿ ਸੰਕਟ ਦੇ ਇਸ ਸਮੇਂ ਕਾਂਗਰਸ ਫੌਜ ਤੇ ਸਰਕਾਰ ਦੇ ਪਿੱਛੇ ਖੜੀ ਹੈ।