ਨਵੀਂ ਦਿੱਲੀ, 25 ਜੁਲਾਈ
ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅੱਜ ਜਨਪਥ ਮਾਰਗ ਸਥਿਤ ਆਪਣੇ ਨਵੇਂ ਘਰ ਚਲੇ ਗਏ ਹਨ। ਇਹ ਬੰਗਲਾ ਪਹਿਲਾਂ ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਕੋਲ ਰਿਹਾ ਹੈ। ਦਰੋਪਦੀ ਮੁਰਮੂ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ’ਤੇ ਕੋਵਿੰਦ ਨੂੰ ਅੱਜ ਰਾਸ਼ਟਰਪਤੀ ਭਵਨ ਤੋਂ ਨਵੇਂ ਘਰ ਲਿਜਾਇਆ ਗਿਆ। ਇਸ ਮੌਕੇ ਨਵੀਂ ਰਾਸ਼ਟਰਪਤੀ ਮੁਰਮੂ ਵੀ ਹਾਜ਼ਰ ਸੀ। 2020 ਵਿਚ ਆਪਣੀ ਮੌਤ ਤੋਂ ਪਹਿਲਾਂ ਪਾਸਵਾਨ ਇਸ ਬੰਗਲੇ ‘12 ਜਨਪਥ’ ਵਿਚ ਤਿੰਨ ਦਹਾਕਿਆਂ ਤੱਕ ਰਹਿੰਦੇ ਰਹੇ। ਉਨ੍ਹਾਂ ਦੇ ਪੁੱਤਰ ਚਿਰਾਗ ਪਾਸਵਾਨ ਨੇ ਇਹ ਬੰਗਲਾ ਅਪਰੈਲ ਵਿਚ ਖਾਲੀ ਕੀਤਾ ਸੀ। ਇਸ ਬੰਗਲੇ ਨੂੰ ਕੋਵਿੰਦ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਰਹਿਣ ਲਈ ਤਿਆਰ ਕਰ ਦਿੱਤਾ ਗਿਆ ਸੀ। ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਮੰਤਰੀਆਂ ਹਰਦੀਪ ਪੁਰੀ ਅਤੇ ਵੀਕੇ ਸਿੰਘ ਨਾਲ ਕੋਵਿੰਦ ਦਾ 12 ਜਨਪਥ ’ਤੇ ਸਵਾਗਤ ਕੀਤਾ।
ਭਾਰਤ ਦੇ 14ਵੇਂ ਰਾਸ਼ਟਰਪਤੀ ਰਹੇ ਕੋਵਿੰਦ ਦਾ ਇਹ ਬੰਗਲਾ ਦਿੱਲੀ ਦੇ ਲੁਟਿਅਨ ’ਚ ਹੈ। ਉਨ੍ਹਾਂ ਨੂੰ ਹੁਣ ਪੂਰਾ ਜੀਵਨ 2.5 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ। ਇਸ ਤੋਂ ਇਲਾਵਾ ਸੇਵਾਮੁਕਤ ਰਾਸ਼ਟਰਪਤੀ ਨੂੰ ਇਕ ਨਿੱਜੀ ਸਕੱਤਰ, ਵਧੀਕ ਨਿੱਜੀ ਸਕੱਤਰ, ਇਕ ਨਿੱਜੀ ਸਹਾਇਕ, ਦੋ ਚਪੜਾਸੀ ਵੀ ਮਿਲਣਗੇ। ਦਫ਼ਤਰ ਦਾ ਖ਼ਰਚਾ ਚਲਾਉਣ ਲਈ ਵੀ ਰਾਸ਼ੀ ਮਿਲੇਗੀ। ਇਹ ਸਭ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਭੱਤਿਆਂ ਤੇ ਪੈਨਸ਼ਨ ਐਕਟ, 1951 ਤਹਿਤ ਮਿਲੇਗਾ। ਦੱਸਣਯੋਗ ਹੈ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਪ੍ਰਤੀ ਮਹੀਨਾ ਪੰਜ ਲੱਖ ਰੁਪਏ ਤਨਖਾਹ ਵਜੋਂ ਮਿਲਦੇ ਹਨ। -ਪੀਟੀਆਈ
ਰਵਾਇਤੀ ਬੱਘੀ ਨਹੀਂ ਬਣੀ ਸਮਾਗਮ ਦਾ ਹਿੱਸਾ
ਨਵੀਂ ਦਿੱਲੀ: ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸਹੁੰ ਚੁੱਕ ਦਾ ਸਮਾਗਮ ਦੌਰਾਨ ਇਸ ਵਾਰ ਰਵਾਇਤੀ ਸੁਨਹਿਰੀ ਪੱਤਰਿਆਂ ਵਾਲੀ ਬੱਘੀ ਦੀ ਵਰਤੋਂ ਨਹੀਂ ਕੀਤੀ ਗਈ। ਅਹੁਦਾ ਛੱਡ ਰਹੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਭਵਨ ਤੋਂ ਸੰਸਦ ਭਵਨ ਤੱਕ ਰਾਸ਼ਟਰਪਤੀ ਦੀ ਲਿਮੋਜ਼ਿਨ ’ਚ ਲਿਆਏ। ਸਹੁੰ ਚੁੱਕਣ ਤੋਂ ਬਾਅਦ ਉਹ ਸ੍ਰੀ ਕੋਵਿੰਦ ਨਾਲ ਲਿਮੋਜ਼ਿਨ ’ਚ ਹੀ ਵਾਪਸ ਚਲੇ ਗਏ। ਉਨ੍ਹਾਂ ਖੁੱਲ੍ਹੀ ਮਾਰੂਤੀ ਜੀਪ ਵਿੱਚ ਗਾਰਡ ਆਫ ਆਨਰ ਲਿਆ। ਸਾਲ 2014 ਵਿੱਚ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਤਿੰਨ ਦਹਾਕੇ ਬਾਅਦ ਰਾਸ਼ਟਰਪਤੀ ਦੀ ਬੱਘੀ ਦੀ ਸਵਾਰੀ ਸ਼ੁਰੂ ਕੀਤੀ ਸੀ। ਇਸ ਤੋਂ ਪਹਿਲਾਂ ਸੁਰੱਖਿਆ ਕਾਰਨਾਂ ਕਰਕੇ ਤਿੰਨ ਦਹਾਕੇ ਤੱਕ ਇਸ ਬੱਘੀ ਦੀ ਸਵਾਰੀ ਰੋਕ ਦਿੱਤੀ ਗਈ ਸੀ। ਉਨ੍ਹਾਂ ਸਾਲ 2014 ’ਚ ‘ਬੀਟਿੰਗ ਦਾ ਰੀਟਰੀਟ’ ਸੈਰੇਮਨੀ ਦੌਰਾਨ ਵੀ ਇਸ ਬੱਘੀ ਦੀ ਵਰਤੋਂ ਕੀਤੀ ਸੀ। ਉਨ੍ਹਾਂ ਤੋਂ ਬਾਅਦ ਰਾਮਨਾਥ ਕੋਵਿੰਦ ਨੇ 2017 ’ਚ ਰਾਸ਼ਟਰਪਤੀ ਦੇ ਅਹੁਦੇ ਦੀ ਸਹੁੰ ਚੁੱਕਣ ਸਮੇਂ ਇਸ ਬੱਘੀ ਦੀ ਵਰਤੋਂ ਕੀਤੀ ਤੇ ਰਾਸ਼ਟਰਪਤੀ ਭਵਨ ’ਚ ਗਾਰਡ ਆਫ ਆਨਰ ਵੀ ਇਸੇ ਬੱਘੀ ’ਚ ਬੈਠ ਕੇ ਲਿਆ ਸੀ। -ਪੀਟੀਆਈ