ਨਵੀਂ ਦਿੱਲੀ, 7 ਦਸੰਬਰ
ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਅੱਜ ਰਾਜ ਸਭਾ ਨੂੰ ਦੱਸਿਆ ਕਿ ਸਰਕਾਰ ਵੱਲੋਂ ਦੇਸ਼ ਵਿੱਚ ਕੋਵਿਡ-19 ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ‘ਟੈਸਟ-ਟਰੈਕ-ਟਰੀਟ’, ਕੋਵਿਡ-19 ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਅਤੇ ਵੱਧ ਤੋਂ ਵੱਧ ਟੀਕਾਕਰਨ ਦੀ ਆਪਣੀ ਰਣਨੀਤੀ ਨੂੰ ਸਖ਼ਤੀ ਨਾਲ ਅਮਲ ਵਿੱਚ ਲਿਆ ਰਹੀ ਹੈ। ਮੰਤਰੀ ਨੇ ਕਿਹਾ ਕਿ ਭਾਰਤ ਨੇ ਇਸ ਸਾਲ ਜਨਵਰੀ ਵਿੱਚ ਸ਼ੁਰੂ ਕੀਤੇ ਵੈਕਸੀਨ ਮੈਤਰੀ ਪ੍ਰੋਗਰਾਮ ਤਹਿਤ ਹੁਣ ਤੱਕ 94 ਮੁਲਕਾਂ ਨੂੰ ਕੋਵਿਡ-19 ਵੈਕਸੀਨ ਦੀਆਂ 723 ਲੱਖ ਤੋਂ ਵੱਧ ਖੁਰਾਕਾਂ ਸਪਲਾਈ ਕੀਤੀਆਂ ਹਨ। ਇਕ ਸਵਾਲ ਦੇ ਲਿਖਤੀ ਜਵਾਬ ਵਿੱਚ ਪਵਾਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਰਸ-ਕੋਵ-2 ਭਾਵ ਕਰੋਨਾਵਾਇਰਸ ਦੇ ਨਵੇਂ ਸਰੂਪਾਂ ਦਾ ਪਤਾ ਲਾਉਣ ਤੇ ਇਨ੍ਹਾਂ ਦੀ ਪੈੜ ਨੱਪਣ ਲਈ ਜੀਨੋਮ ਸੀਕੁਐਂਸਿੰਗ ਲਈ ਭਾਰਤੀ ਸਾਰਸ-ਕੋਵ ਜੀਨੋਮਿਕ ਸਰਵੇਲੈਂਸ ਕੰਸੋਰਟੀਅਮ ਸਥਾਪਤ ਕੀਤਾ ਹੈ। -ਪੀਟੀਆਈ
6822 ਨਵੇਂ ਕੇਸ, 220 ਹੋਰ ਮੌਤਾਂ
ਨਵੀਂ ਦਿੱਲੀ: ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕਰੋਨਾਵਾਇਰਸ ਦੀ ਲਾਗ ਦੇ 6822 ਨਵੇਂ ਕੇਸ ਰਿਪੋਰਟ ਹੋਏ ਹਨ, ਜੋ ਪਿਛਲੇ 558 ਦਿਨਾਂ ਦੌਰਾਨ ਸਭ ਤੋਂ ਹੇਠਲਾ ਅੰਕੜਾ ਹੈ। ਇਨ੍ਹਾਂ ਨਵੇਂ ਕੇਸਾਂ ਨਾਲ ਦੇਸ਼ ਵਿੱਚ ਕੋਵਿਡ-19 ਕੇਸਾਂ ਦੀ ਕੁੱਲ ਗਿਣਤੀ 3,46,48,383 ਹੋ ਗਈ ਹੈ ਜਦੋਂਕਿ ਸਰਗਰਮ ਕੇਸਾਂ ਦਾ ਅੰਕੜਾ ਘੱਟ ਕੇ 95,014 ਰਹਿ ਗਿਆ ਹੈ। ਕਰੋਨਾ ਤੋਂ ਸਿਹਤਯਾਬੀ ਦਰ 98.36 ਫੀਸਦ ਜਦੋਂਕਿ ਮੌਤ ਦਰ 0.63 ਫੀਸਦ ਹੈ। -ਪੀਟੀਆਈ