ਪੁਣੇ, 1 ਨਵੰਬਰ
ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਵਿਚ ਇਕ ਯਾਦਗਾਰ ਕੋਲ ਜਨਵਰੀ 2018 ਵਿਚ ਹੋਈ ਹਿੰਸਾ ਦੀ ਪੜਤਾਲ ਕਰ ਰਹੇ ਕੋਰੇਗਾਓਂ-ਭੀਮਾ ਜਾਂਚ ਕਮਿਸ਼ਨ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਉਹ ਹੁਣੇ ਮਾਮਲੇ ਦੀ ਸੁਣਵਾਈ ਨੂੰ ਉਦੋਂ ਤੱਕ ਲਈ ਮੁਲਤਵੀ ਕਰ ਰਿਹਾ ਹੈ ਜਦੋਂ ਤੱਕ ਕਿ ਸਰਕਾਰ ਕੰਮਕਾਜ ਕਰਨ ਲਈ ਉਸ ਨੂੰ ਮੁੰਬਈ ਵਿਚ ਢੁੱਕਵੀਂ ਥਾਂ ਮੁਹੱਈਆ ਨਹੀਂ ਕਰਵਾ ਦਿੰਦੀ ਹੈ। ਇਸ ਦੋ ਮੈਂਬਰੀ ਕਮਿਸ਼ਨ ਦੀ ਅਗਵਾਈ ਜਸਟਿਸ (ਸੇਵਾਮੁਕਤ) ਜੇ.ਐੱਨ. ਪਟੇਲ ਕਰ ਰਹੇ ਹਨ। ਕਮਿਸ਼ਨ ਦੇ ਵਕੀਲ ਆਸ਼ੀਸ਼ ਸਤਪੁਤੇ ਨੇ ਅੱਜ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਮਿਸ਼ਨ ਫਿਲਹਾਲ ਮੁੰਬਈ ਵਿਚ ਸੂਬੇ ਦੇ ਸੂਚਨਾ ਕਮਿਸ਼ਨ ਦਫ਼ਤਰ ਕੰਪਲੈਕਸ ਤੋਂ ਕੰਮਕਾਜ ਕਰ ਰਿਹਾ ਹੈ ਅਤੇ ਇੱਥੇ ਜਗ੍ਹਾ ਛੋਟੀ ਹੋਣ ਕਰ ਕੇ ਕੋਵਿਡ ਸਬੰਧੀ ਨੇਮਾਂ ਦੀ ਪਾਲਣਾ ਕਰਨੀ ਮੁਸ਼ਕਿਲ ਹੋ ਰਹੀ ਹੈ। -ਪੀਟੀਆਈ