ਵਾਰਾਨਸੀ: ਇੱਥੋਂ ਦੀ ਇਕ ਅਦਾਲਤ ਨੇ ਗਿਆਨਵਾਪੀ ਮਸਜਿਦ ਵਿਚ ਮਿਲੇ ‘ਸ਼ਿਵਲਿੰਗ’ ਵਰਗੇ ਢਾਂਚੇ ਦੀ ਕਾਰਬਨ-ਡੇਟਿੰਗ ਕਰਾਉਣ ਬਾਰੇ ਮਸਜਿਦ ਦੀ ਪ੍ਰਬੰਧਕੀ ਕਮੇਟੀ ਤੋਂ ਜਵਾਬ ਮੰਗਿਆ ਹੈ। ਮਸਜਿਦ ਵਿਚ ਮਿਲੇ ਜਿਸ ਢਾਂਚੇ ਦੇ ਸ਼ਿਵਲਿੰਗ ਹੋਣ ਦਾ ਦਾਅਵਾ ਕੀਤਾ ਗਿਆ ਹੈ, ਪਟੀਸ਼ਨਕਰਤਾ ਨੇ ਉਸ ਦੀ ਕਾਰਬਨ-ਡੇਟਿੰਗ ਕਰਾਉਣ ਦੀ ਮੰਗ ਰੱਖੀ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਅਕਤੂਬਰ ਨੂੰ ਹੋਵੇਗੀ। ਪਟੀਸ਼ਨਕਰਤਾ ਨੇ ਕਿਹਾ ਹੈ ਕਿ ਮਸਜਿਦ ਦੇ ਅੰਦਰ ਸਥਿਤ ਤਲਾਅ ਦੇ ‘ਵਜ਼ੂਖਾਨਾ’ ਵਿਚ 16 ਮਈ ਨੂੰ ਮਿਲਿਆ ‘ਸ਼ਿਵਲਿੰਗ’ ਕੇਸ ਪ੍ਰਾਪਰਟੀ ਹੈ। ਗਿਆਨਵਾਪੀ-ਸ੍ਰਿੰਗਾਰ ਗੌਰੀ ਵਿਵਾਦ ਕੇਸ ਦੇ ਪਟੀਸ਼ਨਕਰਤਾਵਾਂ ਨੇ ਕਾਰਬਨ-ਡੇਟਿੰਗ ਕਰਾਉਣ ਲਈ ਅੱਜ ਅਦਾਲਤ ਵਿਚ ਆਪਣਾ ਪੱਖ ਰੱਖਿਆ। ਵਕੀਲ ਨੇ ਦੱਸਿਆ ਕਿ ਅਦਾਲਤ ਜਾਣਨਾ ਚਾਹੁੰਦੀ ਸੀ ਕਿ ਸ਼ਿਵਲਿੰਗ ਕੇਸ ਪ੍ਰਾਪਰਟੀ ਦਾ ਹਿੱਸਾ ਹੈ, ਤੇ ਕੀ ਢਾਂਚੇ ਦੀ ਕਾਰਬਨ-ਡੇਟਿੰਗ ਅਤੇ ਵਿਗਿਆਨਕ ਜਾਂਚ ਲਈ ਕਿਸੇ ਕਮਿਸ਼ਨ ਦੇ ਗਠਨ ਦੀ ਜ਼ਰੂਰਤ ਹੈ। ਅਦਾਲਤ ਨੇ ਹੁਣ ਇਸ ਮਾਮਲੇ ਦੀ ਸੁਣਵਾਈ ਲਈ 11 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ ਅਤੇ ਅੰਜੁਮਨ ਇੰਤਜ਼ਾਮੀਆ ਮਸਜਿਦ ਕਮੇਟੀ ਨੂੰ ਜਵਾਬ ਦਾਖਲ ਕਰਨ ਲਈ ਕਿਹਾ ਹੈ। -ਪੀਟੀਆਈ