ਨਵੀਂ ਦਿੱਲੀ, 11 ਸਤੰਬਰ
ਦੇਸ਼ ਦੇ 270 ਸ਼ਹਿਰਾਂ ’ਚ 679 ਕੇਂਦਰਾਂ ’ਤੇ ਸ਼ਨਚਿਰਵਾਰ ਨੂੰ ਪੋਸਟਗਰੈਜੂਟ ਵਿਦਿਆਰਥੀਆਂ ਦਾ ਕੌਮੀ ਯੋਗਤਾ ਕਮ ਦਾਖਲਾ ਟੈਸਟ (ਨੀਟ/ਐੱਨਈਈਟੀ) -ਪੋਸਟਗਰੈਜੂਏਟ ਲਿਆ ਗਿਆ ਹੈ। ਦੇਸ਼ ਭਰ ਤੋਂ 1.6 ਉਮੀਦਵਾਰਾਂ ਨੇ ਅੱਜ ਇਹ ਪ੍ਰੀਖਿਆ ਦਿੱਤੀ ਹੈ। ਇਸ ਸਬੰਧੀ ਕਾਂਗਰਸੀ ਨੇਤਾ ਸ਼ਸ਼ੀ ਥਰੂਰ ਨੇ ਇੱਕ ਟਵੀਟ ’ਚ ਦਾਅਵਾ ਕੀਤਾ ਕੁਝ ਵਿਦਿਆਰਥੀਆਂ ਨੇ ਉਨ੍ਹਾਂ ਨੂੰ ਆਖਰੀ ਸਮੇਂ ’ਤੇ ਪ੍ਰੀਖਿਆ ਕੇਂਦਰ ਤਬਦੀਲ ਕਰਨ ਦੀ ਸ਼ਿਕਾਇਤ ਕੀਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਖੱਜਲ ਖੁਆਰ ਹੋਣਾ ਪਿਆ ਹੈ। ਦੂਜੇ ਪਾਸੇ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸ ਦੇ ਡਾਇਰੈਕਟਰ ਪ੍ਰੋਫੈਸਰ ਪਵਨਇੰਦਰਾ ਲਾਲ ਨੇ ਕਿਹਾ ਕਿ ਸੁਰੱਖਿਆ ਦੇ ਲਿਹਾਜ਼ ਤੋਂ ਸੋਨੀਪਤ ਅਤੇ ਪਾਣੀਪਤ ’ਚ ਦੋ ਪ੍ਰੀਖਿਆ ਕੇਂਦਰ 8 ਅਤੇ 9 ਸਤੰਬਰ ਨੂੰ ਤਬਦੀਲ ਕੀਤੇ ਗਏ ਸਨ, ਤੇ ਹਰੇਕ ਵਿਦਿਆਰਥੀਆਂ ਨੂੰ ਫੋਨ ਕਰਕੇ ਇਸ ਬਾਰੇ ਸੂਚਿਤ ਵੀ ਕੀਤਾ ਗਿਆ ਸੀ। ਸ਼ਸ਼ੀ ਥਰੂਰ ਨੇ ਕਿਹਾ ਕਿ ਸੈਂਕੜੇ ਵਿਦਿਆਰਥੀਆਂ ਨੇ ਪ੍ਰੀਖਿਆ ਕੇਂਦਰ ਤਬਦੀਲ ਹੋਣ ਸਬੰਧੀ ਸਰਕਾਰ ਵੱਲੋਂ ਗੱਲ ਨਾ ਸੁਣੇ ਜਾਣ ਕਾਰਨ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਸੀ। ਸ੍ਰੀ ਲਾਲ ਨੇ ਦੱਸਿਆ ਕਿ ਅੱਜ ਨੀਟ-ਪੀਜੀ ਦੀ ਪ੍ਰੀਖਿਆ ’ਚ 1,66,259 ਉਮੀਦਵਾਰ ਹਾਜ਼ਰ ਹੋਏ ਸਨ। ਉਨ੍ਹਾਂ ਦੱਸਿਆ ਕਿ ਅੰਡਰਗਰੈਜੂਏਟ ਵਿਦਿਆਰਥੀਆਂ ਦੀ ਨੀਟ-ਯੂਜੀ ਪ੍ਰੀਖਿਆ 12 ਸਤੰਬਰ ਐਤਵਾਰ ਨੂੰ ਲਈ ਜਾਵੇਗੀ। -ਪੀਟੀਆਈ