ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਅਪਰੈਲ
ਦਿੱਲੀ ਦੀ ਇੱਕ ਅਦਾਲਤ ਨੇ ਗਣਤੰਤਰ ਦਿਵਸ ਕਿਸਾਨ ਪਰੇਡ ਨਾਲ ਸਬੰਧਤ ਇੱਕ ਕੇਸ ਵਿੱਚ ਚਾਰ ਕਿਸਾਨਾਂ ਦੀ ਪੇਸ਼ਗੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਦਿੱਲੀ ਪੁਲੀਸ ਵੱਲੋਂ ਨਾਂਗਲੋਈ ਥਾਣੇ ਵਿੱਚ ਐੱਫਆਈਆਰ ਨੰਬਰ 45 ਅਤੇ 46 ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਐਡੀਸ਼ਨਲ ਸੈਸ਼ਨ ਜੱਜ ਹਿਮਾਨੀ ਮਲਹੋਤਰਾ ਨੇ ਚਾਰ ਕਿਸਾਨਾਂ ਵਿਰੇਂਦਰ ਉਰਫ਼ ਸੋਨੂੰ, ਸਹਿਦੇਵ, ਸੰਜੀਵ ਅਤੇ ਵਿਕਾਸ ਦੀਆਂ ਪੇਸ਼ਗੀ ਜ਼ਮਾਨਤਾਂ ਮਨਜ਼ੂਰ ਕੀਤੀਆਂ ਹਨ। ਚਾਰਾਂ ਨੂੰ 25-25 ਹਜ਼ਾਰ ਰੁਪਏ ਦਾ ਮੁਚੱਲਕਾ ਭਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਦੋ ਨੌਜਵਾਨਾਂ ਦੇ ਮਾਮਲੇ ਵਿੱਚ ਐਡਵੋਕੇਟ ਰੇਖਾ ਅਗਰਵਾਲ, ਰਾਹੁਲ ਸਹਿਗਲ, ਰਵਿੰਦਰ ਕੌਰ ਬੱਤਰਾ, ਇਸ਼ਟਪ੍ਰੀਤ ਸਿੰਘ, ਗੁਰਜੀਤ ਕੌਰ ਕਲਸੀ, ਨਿਤਿਨ ਅਤੇ ਤੇਜਪ੍ਰਤਾਪ ਨੇ ਅਦਾਲਤ ਵਿੱਚ ਦਲੀਲਾਂ ਪੇਸ਼ ਕੀਤੀਆਂ ਜਿਨ੍ਹਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਪੇਸ਼ਗੀ ਜ਼ਮਾਨਤ ਮਨਜ਼ੂਰ ਕੀਤੀ।
ਇਸੇ ਢੰਗ ਨਾਲ ਦੂਜੇ ਦੋ ਨੌਜਵਾਨਾਂ ਦੇ ਕੇਸ ਵਿੱਚ ਐਡਵੋਕੇਟ ਰੇਖਾ ਅਗਰਵਾਲ, ਰਵਿੰਦਰ ਕੌਰ ਬੱਤਰਾ, ਰਾਹੁਲ ਸਹਿਗਲ, ਅਵਨੀਤ ਤੇ ਕੋਮਲ ਨੇ ਅਦਾਲਤ ਵਿੱਚ ਦਲੀਲਾਂ ਪੇਸ਼ ਕੀਤੀਆਂ ਜਿਨ੍ਹਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਇਨ੍ਹਾਂ ਦੋਵਾਂ ਦੀ ਪੇਸ਼ਗੀ ਜ਼ਮਾਨਤ ਵੀ ਮਨਜ਼ੂਰ ਕਰ ਲਈ। ਇਹ ਚਾਰੋਂ ਨੌਜਵਾਨ ਹਰਿਆਣਾ ਨਾਲ ਸਬੰਧਤ ਹਨ।
ਉਨ੍ਹਾਂ ਦੱਸਿਆ ਕਿ 26 ਜਨਵਰੀ ਅਤੇ ਇਸ ਤੋਂ ਬਾਅਦ ਦਿੱਲੀ ਪੁਲੀਸ ਵੱਲੋਂ ਝੂਠੇ ਦੋਸ਼ਾਂ ਤਹਿਤ ਨੌਜਵਾਨਾਂ ਤੇ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਸਨ। ਦਿੱਲੀ ਗੁਰਦੁਆਰਾ ਕਮੇਟੀ ਨੇ ਵਕੀਲਾਂ ਦਾ ਪੈਨਲ ਬਣਾ ਕੇ ਇਹ ਸਾਰੇ ਕੇਸ ਲੜੇ ਹਨ ਜਿਨ੍ਹਾਂ ਵਿੱਚ ਨੌਜਵਾਨਾਂ ਤੇ ਕਿਸਾਨਾਂ ਨੂੰ ਜ਼ਮਾਨਤਾਂ ਤੇ ਪੇਸ਼ਗੀ ਜ਼ਮਾਨਤਾਂ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਕਮੇਟੀ ਇਨ੍ਹਾਂ ਦੇ ਕੇਸ ਲੜੇਗੀ।