ਨਵੀਂ ਦਿੱਲੀ, 19 ਅਕਤੂਬਰ
ਮੁੱਖ ਅੰਸ਼
- ਥਰੂਰ ਵੱਲੋਂ ਖੜਗੇ ਨੂੰ ਵਧਾਈ
- ਅਗਲੇ ਹਫ਼ਤੇ ਸੰਭਾਲਣਗੇ ਅਹੁਦਾ
ਮਲਿਕਾਰਜੁਨ ਖੜਗੇ ਕਾਂਗਰਸ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਖੜਗੇ ਨੇ ਪਾਰਟੀ ਦੇ 137 ਸਾਲਾ ਇਤਿਹਾਸ ਵਿੱਚ ਪਾਰਟੀ ਪ੍ਰਧਾਨ ਲਈ 6ਵੀਂ ਵਾਰ ਹੋਈ ਚੋਣ ਵਿੱਚ ਸ਼ਸ਼ੀ ਥਰੂਰ ਨੂੰ ਹਰਾਇਆ। ਖੜਗੇ ਦੀ ਚੋਣ ਨਾਲ 24 ਸਾਲਾਂ ਬਾਅਦ ਕਾਂਗਰਸ ਦੀ ਕਮਾਨ ਗਾਂਧੀ ਪਰਿਵਾਰ ਤੋਂ ਬਾਹਰਲੇ ਕਿਸੇ ਸ਼ਖ਼ਸ ਹੱਥ ਆਈ ਹੈ। ਇਸ ਤੋਂ ਪਹਿਲਾਂ ਸੀਤਾਰਾਮ ਕੇਸਰੀ ਗ਼ੈਰ-ਗਾਂਧੀ ਕਾਂਗਰਸ ਪ੍ਰਧਾਨ ਸਨ, ਜਿਨ੍ਹਾਂ ਨੂੰ 1998 ਵਿੱਚ ਦੋ ਸਾਲ ਦੇ ਕਾਰਜਕਾਲ ਮਗਰੋਂ ਗੈਰਰਸਮੀ ਤਰੀਕੇ ਨਾਲ ਹਟਾ ਦਿੱਤਾ ਗਿਆ ਸੀ। ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਖੜਗੇ ਨੂੰ ਜੇਤੂ ਐਲਾਨਦਿਆਂ ਕਿਹਾ ਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਕੁੱਲ 9385 ਵੋਟਾਂ ਪੋਲ ਹੋਈਆਂ, ਜਿਸ ਵਿੱਚੋਂ ਖੜਗੇ ਨੂੰ 7897 ਤੇ ਥਰੂਰ ਨੂੰ 1072 ਵੋਟਾਂ ਪਈਆਂ ਜਦਕਿ 416 ਵੋਟਾਂ ਅਯੋਗ ਨਿਕਲੀਆਂ। ਖੜਗੇ, ਜਿਨ੍ਹਾਂ ਨੂੰ ਪੋਲਿੰਗ ਦੌਰਾਨ 84 ਫੀਸਦ ਦੇ ਕਰੀਬ ਵੋਟਾਂ ਪਈਆਂ, 26 ਅਕਤੂਬਰ ਨੂੰ ਰਸਮੀ ਤੌਰ ’ਤੇ ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣਗੇ। ਉਧਰ ਥਰੂਰ ਟੀਮ ਨੇ ਕੇਂਦਰੀ ਚੋਣ ਅਥਾਰਿਟੀ ਨੂੰ ਲਿਖੇ ਪੱਤਰ ਵਿੱਚ ਉੱਤਰ ਪ੍ਰਦੇਸ਼, ਪੰਜਾਬ ਤੇ ਤਿਲੰਗਾਨਾ ਵਿੱਚ ਪੋਲਿੰਗ ਦੌਰਾਨ ‘ਗੰਭੀਰ ਬੇਨਿਯਮੀਆਂ’ ਹੋਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਖੜਗੇ ਨੂੰ ਕਾਂਗਰਸ ਪ੍ਰਧਾਨ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। ਇਥੇ ਏਆਈਸੀਸੀ ਹੈੱਡਕੁਆਰਟਰ ’ਤੇ ਚੋਣ ਨਤੀਜਿਆਂ ਦਾ ਐਲਾਨ ਕਰਨ ਲਈ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੇ ਥਰੂਰ ਟੀਮ ਵੱਲੋਂ ਕੀਤੀਆਂ ਸ਼ਿਕਾਇਤਾਂ ਬਾਰੇ ਪੁੱਛਿਆ ਤਾਂ ਮਿਸਤਰੀ ਨੇ ਕਿਹਾ ਕਿ ਉਹ (ਟੀਮ ਵੱਲੋਂ ਲਿਖੇ) ਪੱਤਰਾਂ ਦਾ ਨੁਕਤਾ ਦਰ ਨੁਕਤਾ ਜਵਾਬ ਦੇਣਗੇ।
ਉਂਜ ਮਿਸਤਰੀ ਨੇ ਕਿਹਾ ਕਿ ਇਹ ਪੱਤਰ ਪ੍ਰੈੱਸ ਨੂੰ ਲੀਕ ਕਰਨ ਦੀ ਥਾਂ, ਥਰੂਰ ਟੀਮ ਨੂੰ ਪੋਲ ਅਥਾਰਿਟੀ ਨਾਲ ਸਿੱਧਾ ਰਾਬਤਾ ਕਰਨਾ ਚਾਹੀਦਾ ਸੀ। ਮਿਸਤਰੀ ਨੇ ਕਿਹਾ ਕਿ ਪੱਤਰ ਵਿਚਲੇ ਵਿਸ਼ਾ-ਵਸਤੂ ਦਾ ਕੋਈ ਆਧਾਰ ਨਹੀਂ ਹੈ ਤੇ ਸ਼ਿਕਾਇਤ ਵਿੱਚ ਕੁਝ ਖਾਸ ਨਹੀਂ ਹੈ। ਇਸ ਦੌਰਾਨ ਕਾਂਗਰਸ ਹੈੱਡਕੁਆਰਟਰ ਦੇ ਬਾਹਰ ਤਿਓਹਾਰ ਵਰਗਾ ਮਾਹੌਲ ਸੀ। ਪਾਰਟੀ ਵਰਕਰਾਂ ਨੇ ਹੱਥਾਂ ਵਿੱਚ ਰਾਹੁਲ ਗਾਂਧੀ ਦੀਆਂ ਤਸਵੀਰਾਂ ਤੇ ਝੰਡੇ ਫੜ ਕੇ ਢੋਲ ਵਜਾਏ। ਖੜਗੇ, ਜਿਨ੍ਹਾਂ ਨੂੰ 50 ਸਾਲਾਂ ਦਾ ਸਿਆਸੀ ਤਜਰਬਾ ਹੈ, ਐੱਸ. ਨਿਜਾਲਿੰਗੱਪਾ ਮਗਰੋਂ ਕਰਨਾਟਕ ਤੋੋਂ ਦੂਜੇ ਏਆਈਸੀਸੀ ਪ੍ਰਧਾਨ ਹਨ। ਜਗਜੀਵਨ ਰਾਮ ਤੋਂ ਬਾਅਦ ਉਹ ਦੂਜੇ ਦਲਿਤ ਆਗੂ ਹਨ, ਜੋ ਕਾਂਗਰਸ ਪ੍ਰਧਾਨ ਬਣੇ ਹਨ। ਖੜਗੇ 1969 ਵਿੱਚ ਕਾਂਗਰਸ ’ਚ ਸ਼ਾਮਲ ਹੋਏ ਸਨ ਤੇ ਮਗਰੋਂ ਉਹ ਗੁਲਬਰਗਾ ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਬਣੇ। ਖੜਗੇ ਲਗਾਤਾਰ 9 ਵਾਰ ਵਿਧਾਇਕ ਵੀ ਚੁਣੇ ਗਏ। ਉਹ ਦੋ ਵਾਰ ਲੋਕ ਸਭਾ ਮੈਂਬਰ ਤੇ ਇਕ ਵਾਰ ਰਾਜ ਸਭਾ ਮੈਂਬਰ ਵੀ ਰਹੇ। ਪ੍ਰਧਾਨਗੀ ਦੀ ਚੋਣ ਲੜਨ ਲਈ ਉਨ੍ਹਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਵਜੋਂ ਅਸਤੀਫ਼ਾ ਦਿੱਤਾ ਸੀ।
ਉਧਰ ਚੋਣ ਨਤੀਜੇ ਦੇ ਐਲਾਨ ਮਗਰੋਂ ਥਰੂਰ ਨੇ ਇਕ ਬਿਆਨ ਵਿੱਚ ਕਿਹਾ ਕਿ ਨਹਿਰੂ-ਗਾਂਧੀ ਪਰਿਵਾਰ ਦੀ ਕਾਂਗਰਸ ਪਾਰਟੀ ਮੈਂਬਰਾਂ ਦੇ ਦਿਲਾਂ ਵਿੱਚ ਵਿਸ਼ੇਸ਼ ਥਾਂ ਸੀ ਤੇ ਰਹੇਗੀ। ਉਨ੍ਹਾਂ ਕਿਹਾ ਕਿ ਆਖਰੀ ਫੈਸਲਾ ਖੜਗੇ ਦੇ ਪੱਖ ਵਿੱਚ ਆਇਆ ਹੈ। ਤਿਰੂਵਨੰਤਪੁਰਮ ਤੋਂ ਲੋਕ ਸਭਾ ਮੈਂਬਰ ਥਰੂਰ ਨੇ ਖੜਗੇ ਨੂੰ ਜਿੱਤ ਲਈ ਵਧਾਈ ਵੀ ਦਿੱਤੀ। ਥਰੂਰ ਨੇ ਕਿਹਾ, ‘‘ਪਾਰਟੀ ਡੈਲੀਗੇਟਾਂ ਦਾ ਫੈਸਲਾ ਆਖਰੀ ਹੈ ਤੇ ਮੈਂ ਇਸ ਨੂੰ ਸਿਰ ਝੁਕਾ ਕੇ ਸਵੀਕਾਰ ਕਰਦਾ ਹਾਂ। ਮੈਨੂੰ ਉਸ ਪਾਰਟੀ ਦਾ ਮੈਂਬਰ ਹੋਣ ’ਤੇ ਮਾਣ ਹੈ, ਜੋ ਆਪਣੇ ਵਰਕਰਾਂ ਨੂੰ ਆਪਣਾ ਪ੍ਰਧਾਨ ਚੁਣਨ ਦੀ ਇਜਾਜ਼ਤ ਦਿੰਦੀ ਹੈ।’’ ਉਨ੍ਹਾਂ ਕਿਹਾ, ‘‘ਸਾਡਾ ਨਵਾਂ ਪ੍ਰਧਾਨ, ਪਾਰਟੀ ਕੁਲੀਗ ਤੇ ਸੀਨੀਅਰ ਸਾਥੀ ਹੈ, ਜਿਸ ਕੋਲ ਚੋਖਾ ਤਜਰਬਾ ਤੇ ਅਗਵਾਈ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਰੇ ਮਿਲ ਕੇ ਪਾਰਟੀ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾ ਸਕਦੇ ਹਾਂ।’’ ਥਰੂਰ ਨੇ ਕਿਹਾ ਕਿ ਪਾਰਟੀ ਅਹੁਦਾ ਛੱਡ ਰਹੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਵੀ ਰਿਣੀ ਹੈ, ਜਿਨ੍ਹਾਂ 25 ਸਾਲ ਪਾਰਟੀ ਨੂੰ ਅਗਵਾਈ ਦਿੱਤੀ ਤੇ ਅਹਿਮ ਮੌਕਿਆਂ ’ਤੇ ਪਾਰਟੀ ਦੀ ਢਾਲ ਬਣੇੇ। ਥਰੂਰ ਨੇ ਕਿਹਾ, ‘‘ਇਸ ਚੋਣ ਪ੍ਰਕਿਰਿਆ ਨੂੰ ਅਧਿਕਾਰਤ ਕਰਨ ਦਾ ਉਨ੍ਹਾਂ (ਸੋਨੀਆ) ਦਾ ਫੈਸਲਾ, ਜਿਸ ਨੇ ਸਾਨੂੰ ਭਵਿੱਖ ਲਈ ਨਵੇਂ ਰਸਤੇ ਦਿੱਤੇ ਹਨ, ਬਿਨਾਂ ਸ਼ੱਕ ਸਾਡੀ ਪਾਰਟੀ ਲਈ ਉਨ੍ਹਾਂ ਦੀ ਸਮਝਦਾਰੀ ਅਤੇ ਦੂਰਅੰਦੇਸ਼ੀ ਦਾ ਢੁਕਵਾਂ ਪ੍ਰਮਾਣ ਹੈ। ਮੈਨੂੰ ਉਮੀਦ ਹੈ ਕਿ ਉਹ ਆਉਣ ਵਾਲੀਆਂ ਚੁਣੌਤੀਆਂ ’ਤੇ ਕਾਬੂ ਪਾਉਣ ਲਈ ਪਾਰਟੀ ਦੀ ਨਵੀਂ ਲੀਡਰਸ਼ਿਪ ਟੀਮ ਨੂੰ ਮਾਰਗਦਰਸ਼ਨ, ਪ੍ਰੇਰਿਤ ਅਤੇ ਉਤਸ਼ਾਹਿਤ ਕਰਦੇ ਰਹਿਣਗੇ।’’ ਥਰੂਰ ਨੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ਦਾ ਇਨ੍ਹਾਂ ਨਿਰਪੱਖ ਤੇ ਆਜ਼ਾਦ ਚੋਣਾਂ ਦੌਰਾਨ ਮਿਲੀ ਹਮਾਇਤ ਲਈ ਧੰਨਵਾਦ ਕੀਤਾ। -ਪੀਟੀਆਈ
ਖੜਗੇ ਨੂੰ ਮਿਲੇ ਸੋਨੀਆ ਤੇ ਪ੍ਰਿਯੰਕਾ
ਨਵੀਂ ਦਿੱਲੀ: ਚੋਣ ਨਤੀਜਿਆਂ ਦੇ ਐਲਾਨ ਤੋਂ ਫੌਰੀ ਮਗਰੋਂ ਪਾਰਟੀ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਾਂਗਰਸ ਦੇ ਨਵੇਂ ਚੁਣੇ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਘਰ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਸ੍ਰੀਮਤੀ ਗਾਂਧੀ ਨੇ ਖੜਗੇ ਨੂੰ ਚੋਣ ਜਿੱਤਣ ਦੀ ਵਧਾਈ ਦਿੱਤੀ। ਇਸ ਮੌਕੇ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਉਨ੍ਹਾਂ ਨਾਲ ਮੌਜੂਦ ਸਨ।
ਥਰੂਰ ਟੀਮ ਵੱਲੋਂ ਯੂਪੀ ਦੀਆਂ ਸਾਰੀਆਂ ਵੋਟਾਂ ਅਯੋਗ ਕਰਾਰ ਦੇਣ ਦੀ ਮੰਗ
ਨਵੀਂ ਦਿੱਲੀ: ਚੋਣ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਅੱਜ ਥਰੂਰ ਦੀ ਚੋਣ ਪ੍ਰਚਾਰ ਟੀਮ ਨੇ ਕਾਂਗਰਸ ਦੀ ਮੁੱਖ ਚੋਣ ਅਥਾਰਿਟੀ ਨੂੰ ਪੱਤਰ ਲਿਖ ਕੇ ਕਾਂਗਰਸ ਪ੍ਰਧਾਨ ਦੀ ਚੋਣ ਮੌਕੇ ਉੱਤਰ ਪ੍ਰਦੇਸ਼ ਵਿੱਚ ‘ਗੰਭੀਰ ਬੇਨਿਯਮੀਆਂ’ ਹੋਣ ਦਾ ਦਾਅਵਾ ਕੀਤਾ ਹੈ। ਸੂਤਰਾਂ ਮੁਤਾਬਕ ਥਰੂਰ ਦੇ ਮੁੱਖ ਚੋਣ ਏਜੰਟ ਸਲਮਾਨ ਸੋਜ਼ ਨੇ ਮਿਸਤਰੀ ਨੂੰ ਲਿਖੇ ਪੱਤਰ ਵਿੱਚ ਯੂਪੀ ਦੀਆਂ ਸਾਰੀਆਂ ਵੋਟਾਂ ਅਯੋਗ ਕਰਾਰ ਦੇਣ ਦੀ ਮੰਗ ਕਰਨ ਦੇ ਨਾਲ ਪੰਜਾਬ ਤੇ ਤਿਲੰਗਾਨਾ ਵਿੱਚ ਚੋਣਾਂ ਦੌਰਾਨ ਗੰਭੀਰ ਸਮੱਸਿਆਵਾਂ ਦਾ ਮਸਲਾ ਚੁੱਕਿਆ ਹੈ। ਸੋਜ਼ ਨੇ ਕਿਹਾ ਕਿ ਪੋਲਿੰਗ ਏਜੰਟਾਂ ਨਾਲ ਕੀਤੀ ਗੱਲਬਾਤ ਦੌਰਾਨ ਕਈ ਤੱਥਾਂ ਦਾ ਪਤਾ ਲੱਗਾ ਹੈ, ਜੋ ਪ੍ਰੇਸ਼ਾਨ ਕਰਨ ਵਾਲੇ ਹਨ। ਸੂਤਰਾਂ ਮੁਤਾਬਕ ਸੋਜ਼ ਨੇ ਪੱਤਰ ਵਿੱਚ ਕਿਹਾ, ‘‘ਅਸੀਂ ਜ਼ੋਰ ਦੇ ਕੇ ਆਖਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਖੜਗੇ ਜੀ ਨੂੰ ਯੂਪੀ ਵਿੱਚ ਪੋਲਿੰਗ ਦੌਰਾਨ ਆਪਣੇ ਹਮਾਇਤੀਆਂ ਵੱਲੋਂ ਕੀਤੀ ਧਾਂਦਲੀ ਬਾਰੇ ਪਤਾ ਹੋਵੇ। ਸਾਨੂੰ ਯਕੀਨ ਹੈ ਕਿ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਤਾਂ ਸ਼ਾਇਦ ਉਹ ਇਸ ਸਭ ਕੁਝ ਨਾ ਹੋਣ ਦਿੰਦੇ। ਉਹ ਭਾਰਤੀ ਨੈਸ਼ਨਲ ਕਾਂਗਰਸ ਲਈ ਅਹਿਮ ਇਨ੍ਹਾਂ ਚੋਣਾਂ ਨੂੰ ਦਾਗ਼ਦਾਰ ਨਾ ਹੋਣ ਦਿੰਦੇ।’’ -ਪੀਟੀਆਈ
ਖੜਗੇ ‘ਜਮਹੂਰੀ ਦ੍ਰਿਸ਼ਟੀਕੋਣ’ ਦੀ ਨੁਮਾਇੰਦਗੀ ਕਰਦੇ ਹਨ: ਰਾਹੁਲ
ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਖੜਗੇ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਭਾਰਤ ਦੇ ‘ਜਮਹੂਰੀ ਦ੍ਰਿਸ਼ਟੀਕੋਣ’ ਦੀ ਨੁਮਾਇੰਦਗੀ ਕਰਦੇ ਹਨ। ਗਾਂਧੀ ਨੇ ਟਵੀਟ ਕੀਤਾ, ‘‘ਕਾਂਗਰਸ ਪ੍ਰਧਾਨ ਭਾਰਤ ਦੇ ਜਮਹੂਰੀ ਦ੍ਰਿਸ਼ਟੀਕੋਣ ਦੀ ਤਰਜਮਾਨੀ ਕਰਦੇ ਹਨ। ਉਨ੍ਹਾਂ ਦਾ ਵਿਸ਼ਾਲ ਤਜਰਬਾ ਤੇ ਵਿਚਾਰਧਾਰਕ ਵਚਨਬੱਤਾ ਪਾਰਟੀ ਲਈ ਕੰਮ ਆਏਗੀ ਕਿਉਂਕਿ ਉਹ ਇਤਿਹਾਸਕ ਜ਼ਿੰਮੇਵਾਰੀ ਲੈਣ ਲੱਗੇ ਹਨ।’’ ਇਸ ਤੋ ਪਹਿਲਾਂ ਰਾਹੁਲ ਨੇ ਕਿਹਾ ਕਿ ਪਾਰਟੀ ਪ੍ਰਧਾਨ ‘ਸਿਖਰਲੀ ਅਥਾਰਿਟੀ’ ਹੈ, ਜਿਸ ਵੱਲੋਂ ਪਾਰਟੀ ਨੂੰ ਅੱਗੇ ਲਿਜਾਣ ਦਾ ਫੈਸਲਾ ਕੀਤਾ ਜਾਵੇਗਾ।
ਕੋਈ ਵੱਡਾ ਛੋਟਾ ਨਹੀਂ: ਖੜਗੇ
ਨਵੀਂ ਦਿੱਲੀ: ਪ੍ਰਧਾਨਗੀ ਦੀ ਚੋਣ ਜਿੱਤਣ ਮਗਰੋਂ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮਲਿਕਾਰਜੁਨ ਖੜਗੇ ਨੇ ਕਿਹਾ, ‘‘ਕੋਈ ਵੱਡਾ ਛੋਟਾ ਨਹੀਂ ਹੁੰਦਾ, ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰਿਆਂ ਨੂੰ ‘ਕਾਰਿਯਾਕਰਤਾ’ ਵਜੋਂ ਮਿਲ ਕੇ ਕੰਮ ਕਰਨਾ ਹੁੰਦਾ ਹੈ…ਸਾਨੂੰ ਮਿਲ ਕੇ ਉਨ੍ਹਾਂ ਫਾਸ਼ੀਵਾਦੀ ਤਾਕਤਾਂ ਖਿਲਾਫ਼ ਲੜਨਾ ਹੋਵੇਗਾ, ਜੋ ਸਾਡੀ ਜਮਹੂਰੀਅਤ ਤੇ ਸੰਵਿਧਾਨ ’ਤੇ ਹਮਲਾ ਕਰ ਰਹੀਆਂ ਹਨ।’