ਤਿਰੂਵਨੰਤਪੁਰਮ, 1 ਜਨਵਰੀ
ਕੋਵਲਮ ਵਿਚ ਪਿਛਲੇ ਚਾਰ ਸਾਲਾਂ ਤੋਂ ‘ਹੋਮਸਟੇਅ’ ਚਲਾ ਰਹੇ ਸਵੀਡਨ ਦੇ ਇਕ ਉੱਦਮੀ ਦੀ ਪੁਲੀਸ ਕਰਮੀਆਂ ਵੱਲੋਂ ਬੇਇੱਜ਼ਤੀ ਕੀਤੇ ਜਾਣ ’ਤੇ ਕੇਰਲਾ ਪੁਲੀਸ ਨੂੰ ਹੁਣ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਵਾਪਰੀ ਜਦ ਸਵੀਡਨ ਦੇ ਨਾਗਰਿਕ ਸਟਿਗ ਸਟੀਫਨ ਐਜ਼ਬਰਗ ਨੂੰ ਕੋਵਲਮ ਪੁਲੀਸ ਨੇ ਉਸ ਦੀ ਰਿਹਾਇਸ਼ (ਹੋਮਸਟੇਅ) ਵੱਲ ਪਰਤਣ ਵੇਲੇ ਰੋਕਿਆ। ਉਹ ਇਕ ਮਨਜ਼ੂਰਸ਼ੁਦਾ ਠੇਕੇ ਤੋਂ ਸ਼ਰਾਬ ਦੀਆਂ ਤਿੰਨ ਬੋਤਲਾਂ ਲੈ ਕੇ ਪਰਤ ਰਿਹਾ ਸੀ। ਪੁਲੀਸ ਨੇ ਰਾਹ ਵਿਚ ਰੋਕ ਕੇ ਉਸ ਦੇ ਦੁਪਹੀਆ ਵਾਹਨ ਦੀ ਤਲਾਸ਼ੀ ਲਈ ਤੇ ਉਨ੍ਹਾਂ ਨੂੰ ਉਸ ਵਿਚੋਂ ਤਿੰਨ ਸ਼ਰਾਬ ਦੀਆਂ ਬੋਤਲਾਂ ਮਿਲੀਆਂ। ਸਟੀਫਨ ਨੇ ਕਿਹਾ ਕਿ ਇਕ ਵਿਅਕਤੀ ਆਪਣੇ ਕੋਲ ਤਿੰਨ ਲਿਟਰ ਤੱਕ ਸ਼ਰਾਬ ਰੱਖ ਸਕਦਾ ਹੈ ਪਰ ਪੁਲੀਸ ਨੇ ਉਸ ਨੂੰ ਬੋਤਲਾਂ ਸੁੱਟਣ ਲਈ ਕਿਹਾ ਕਿਉਂਕਿ ਉਹ ਰਸੀਦ ਨਹੀਂ ਦਿਖਾ ਸਕਿਆ। ਉਸ ਨੇ ਦੱਸਿਆ ਕਿ ਸਾਰੀਆਂ ਬੋਤਲਾਂ ਉਤੇ ਹੋਲੋਗ੍ਰਾਮ ਸਨ। ਇਸ ਤੋਂ ਪੁਲੀਸ ਆਸਾਨੀ ਨਾਲ ਪੁਸ਼ਟੀ ਕਰ ਸਕਦੀ ਸੀ ਕਿ ਬੋਤਲਾਂ ਮਨਜ਼ੂਰਸ਼ੁਦਾ ਥਾਂ ਤੋਂ ਖਰੀਦੀਆਂ ਗਈਆਂ ਹਨ। ਪਰ ਪੁਲੀਸ ਨੇ ਉਸ ਨੂੰ ਰਸੀਦਾਂ ਦਿਖਾਉਣ ਲਈ ਕਿਹਾ। ਬੋਤਲਾਂ ਪਲਾਸਟਿਕ ਦੀਆਂ ਸਨ ਤੇ ਸਟੀਫਨ ਕੁਦਰਤ ਪ੍ਰੇਮੀ ਹੋਣ ਕਰ ਕੇ ਇਨ੍ਹਾਂ ਨੂੰ ਸੜਕ ਉਤੇ ਨਹੀਂ ਸੀ ਸੁੱਟਣਾ ਚਾਹੁੰਦਾ। ਉਸ ਨੇ ਪੁਲੀਸ ਦੇ ਸਾਹਮਣੇ ਹੀ ਦੋਵੇਂ ਬੋਤਲਾਂ ਸੜਕ ਉਤੇ ਖਾਲੀ ਕਰ ਦਿੱਤੀਆਂ। ਇਸ ਮੁੱਦੇ ਨੂੰ ਸੂਬੇ ਵਿਚ ਐਨਾ ਉਭਾਰਿਆ ਗਿਆ ਕਿ ਮੁੱਖ ਮੰਤਰੀ ਪਿਨਾਰਈ ਵਿਜਯਨ ਨੂੰ ਰਾਜ ਦੇ ਡੀਜੀਪੀ ਨੂੰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਲਈ ਕਹਿਣਾ ਪਿਆ। ਕੋਵਲਮ ਪੁਲੀਸ ਥਾਣੇ ਦੇ ਸਬ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਐੱਸਐਚਓ ਖ਼ਿਲਾਫ਼ ਕਾਰਵਾਈ ਬਾਰੇ ਜਾਂਚ ਕੀਤੀ ਜਾ ਰਹੀ ਹੈ। -ਆਈਏਐਨਐੱਸ