ਅਲਾਪੂਜ਼ਾ, 18 ਅਕਤੂਬਰ
ਇਥੇ ਕੁਦਰਤ ਦਾ ਕਹਿਰ ਵੀ ਪਿਆਰ ਕਰਨ ਵਾਲਿਆਂ ਨੂੰ ਵਿਆਹ ਕਰਨ ਤੋਂ ਰੋਕ ਨਾ ਸਕਿਆ। ਇਥੋਂ ਦੇ ਸਿਹਤ ਵਿਭਾਗ ਵਿਚ ਕੰਮ ਕਰਦੇ ਆਕਾਸ਼ ਤੇ ਐਸ਼ਵਰਿਆ ਨੇ ਭਾਰੀ ਮੀਂਹ ਤੇ ਹੜ੍ਹ ਕਾਰਨ ਆਪਣੀਆਂ ਵਿਆਹ ਦੀਆਂ ਰਸਮਾਂ ਪਤੀਲੇ (ਰਸੋਈ ਵਿਚ ਵਰਤੋਂ ਆਉਣ ਵਾਲਾ ਭਾਂਡਾ) ਵਿਚ ਹੀ ਪੂਰੀਆਂ ਕੀਤੀਆਂ।
ਉਨ੍ਹਾਂ ਪਾਣੀ ਨਾਲ ਭਰੀਆਂ ਗਲੀਆਂ ਵਿੱਚੋਂ ਵੱਡੇ ਪਤੀਲੇ ਵਿਚ ਬੈਠ ਕੇ ਮੰਦਰ ਤਕ ਸਫ਼ਰ ਕੀਤਾ ਤੇ ਆਪਣਾ ਨਵਾਂ ਜੀਵਨ ਸ਼ੁਰੂ ਕਰਨ ਵਿਚ ਆਇਆ ਹਰ ਅੜਿੱਕਾ ਦੂਰ ਕੀਤਾ। ਇਸ ਨਵ-ਵਿਆਹੇ ਜੋੜੇ ਅਕਾਸ਼ ਅਤੇ ਐਸ਼ਵਰਿਆ ਲਈ ਐਲੂਮੀਨੀਅਮ ਦਾ ਵੱਡਾ ਭਾਂਡਾ ਕਿਸ਼ਤੀ ਨਾਲੋਂ ਵਧੀਆ ਸਾਬਤ ਹੋਇਆ। ਇਹ ਜੋੜਾ ਇਸ ਭਾਂਡੇ ਰਾਹੀਂ ਵਿਆਹ ਸਮਾਗਮ ਵਿਚ ਪੁੱਜਿਆ। ਅਕਾਸ਼ ਨੇ ਦੱਸਿਆ ਕਿ ਉਨ੍ਹਾਂ ਦਾ ਅੰਤਰਜਾਤੀ ਵਿਆਹ ਹੈ ਜਿਸ ਦਾ ਉਸ ਦੀ ਪਤਨੀ ਦੇ ਚਾਚੇ ਨੇ ਵਿਰੋਧ ਕੀਤਾ ਸੀ।
ਉਨ੍ਹਾਂ ਦਾ 5 ਅਕਤੂਬਰ ਨੂੰ ਵਿਆਹ ਰਜਿਸਟਰਡ ਹੋਇਆ। ਇਸ ਤੋਂ ਬਾਅਦ ਉਨ੍ਹਾਂ ਨੇ ਬਿਨਾਂ ਦੇਰੀ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਵਿਆਹ ਕਰਨ ਦਾ ਫੈਸਲਾ ਕੀਤਾ ਪਰ ਉਨ੍ਹਾਂ ਦੇ ਘਰ ਨੇੜਲੇ ਮੰਦਰ ਖਾਲੀ ਨਹੀਂ ਸਨ। ਉਨ੍ਹਾਂ ਨੂੰ ਸਿਰਫ ਥਲਾਵਡੀ ਵਿਚਲਾ ਮੰਦਰ ਮਿਲਿਆ ਜੋ ਥੋੜ੍ਹੇ ਸਮੇਂ ਅੰਦਰ ਵੀ ਵਿਆਹ ਕਰਵਾਉਣ ਲਈ ਰਾਜ਼ੀ ਹੋ ਗਿਆ, ਬਾਕੀ ਦੇ ਮੰਦਰ ਵਾਲੇ 15 ਦਿਨ ਪਹਿਲਾਂ ਦੀ ਬੁਕਿੰਗ ਹੀ ਸਵੀਕਾਰ ਕਰ ਰਹੇ ਸਨ। ਆਕਾਸ਼ ਤੇ ਉਸ ਦੀ ਘਰਵਾਲੀ ਨੇ ਦੱਸਿਆ ਕਿ ਉਹ ਵਿਆਹ ਸਮਾਗਮਾਂ ਨੂੰ ਲੈ ਕੇ ਖਾਸੇ ਉਤਸ਼ਾਹਿਤ ਹਨ। -ਪੀਟੀਆਈ