ਸ੍ਰੀਨਗਰ, 16 ਅਗਸਤ
ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਅੱਜ ਅਤਿਵਾਦੀਆਂ ਵੱਲੋਂ ਸੇਬ ਦੇ ਬਾਗ ਉੱਤੇ ਕੀਤੇ ਗਏ ਹਮਲੇ ’ਚ ਇਕ ਕਸ਼ਮੀਰੀ ਪੰਡਿਤ ਦੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਜ਼ਖਮੀ ਹੋ ਗਿਆ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਨੀਲ ਕੁਮਾਰ ਅਤੇ ਜ਼ਖ਼ਮੀ ਦੀ ਪਛਾਣ ਪਿੰਟੂ ਕੁਮਾਰ ਵਜੋਂ ਹੋਈ ਹੈ। ਉਪ ਰਾਜਪਾਲ ਮਨੋਜ ਸਿਨਹਾ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ ਸਮੇਤ ਹੋਰ ਸਿਆਸੀ ਆਗੂਆਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।
ਪੁਲੀਸ ਅਧਿਕਾਰੀ ਨੇ ਕਿਹਾ, “ਅਤਿਵਾਦੀਆਂ ਨੇ ਚੋਟੀਪੁਰਾ ਇਲਾਕੇ ਵਿੱਚ ਸੇਬ ਦੇ ਬਾਗ ’ਚ ਨਾਗਰਿਕਾਂ ’ਤੇ ਹਮਲਾ ਕੀਤਾ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਜ਼ਖਮੀ ਹੋ ਗਿਆ। ਦੋਵੇਂ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਹਨ। ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ।’’ ਇਸ ਸਬੰਧੀ ਉਪ ਰਾਜਪਾਲ ਮਨੋਜ ਸਿਨਹਾ ਨੇ ਟਵੀਟ ਕੀਤਾ, ‘‘ਸ਼ੋਪੀਆਂ ’ਚ ਨਾਗਰਿਕਾਂ ’ਤੇ ਹੋਏ ਅਤਿਵਾਦੀ ਹਮਲੇ ਦਾ ਦੁੱਖ ਸ਼ਬਦਾਂ ’ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਵਹਿਸ਼ੀ ਕਾਰੇ ਲਈ ਜ਼ਿੰਮੇਵਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।” ਇਸੇ ਤਰ੍ਹਾਂ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁੱਲਾ, ਭਾਜਪਾ ਤਰਜਮਾਨ ਅਲਤਾਫ ਠਾਕੁਰ, ਪੀਪਲਜ਼ ਕਾਨਫਰੰਸ ਦੇ ਪ੍ਰਧਾਨ ਸੱਜਾਦ ਗਨੀ ਲੋਨ ਨੇ ਵੀ ਘਟਨਾ ਦੀ ਨਿਖੇਧੀ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਇਕ ਹਫਤੇ ਤੋਂ ਅਤਿਵਾਦੀਆਂ ਨੇ ਕਸ਼ਮੀਰ ਘਾਟੀ ’ਚ ਹਮਲੇ ਵਧਾ ਦਿੱਤੇ ਹਨ। ਇਸ ਸਾਲ ਕੁੱਲ 15 ਨਾਗਰਿਕ ਤੇ ਛੇ ਜਵਾਨ ਅਤਿਵਾਦੀ ਹਮਲਿਆਂ ’ਚ ਮਾਰੇ ਜਾ ਚੁੁੱਕੇ ਹਨ। ਇਸ ਦੌਰਾਨ ਉਨ੍ਹਾਂ ਆਰਮੀ ਹਸਪਤਾਲ ਜਾ ਕੇ ਜ਼ਖ਼ਮੀ ਦਾ ਹਾਲ ਵੀ ਪੁੱਛਿਆ। ਅੱਜ ਸ਼ਾਮ ਸੁੁਨੀਲ ਕੁਮਾਰ ਦਾ ਸਸਕਾਰ ਕਰ ਦਿੱਤਾ ਗਿਆ ਹੈ। -ਪੀਟੀਆਈ
ਕਸ਼ਮੀਰੀ ਪੰਡਿਤਾਂ ਨੂੰ ਘਾਟੀ ਛੱਡਣ ਦੀ ਅਪੀਲ
ਕਸ਼ਮੀਰੀ ਪੰਡਿਤ ਸੰਘਰਸ਼ ਸਮਿਤੀ (ਕੇਪੀਐੱਸਐੱਸ) ਨੇ ਅਤਿਵਾਦੀਆਂ ਦੇ ਵਧਦੇ ਹਮਲਿਆਂ ਦੇ ਮੱਦੇਨਜ਼ਰ ਭਾਈਚਾਰੇ ਨੂੰ ਘਾਟੀ ਛੱਡਣ ਦੀ ਅਪੀਲ ਕੀਤੀ ਹੈ। ਕੇਪੀਐੱਸਐੱਸ ਦੇ ਮੁਖੀ ਸੰਜੈ ਟਿੱਕੂ ਨੇ ਕਿਹਾ, ‘‘ਕਸ਼ਮੀਰ ਵਿੱਚ ਕਸ਼ਮੀਰੀ ਪੰਡਿਤਾਂ ’ਤੇ ਇੱਕ ਹੋਰ ਜਾਨਲੇਵਾ ਹਮਲਾ ਕਰਨ ਮਗਰੋਂ ਅਤਿਵਾਦੀਆਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਘਾਟੀ ਵਿੱਚ ਸਾਰੇ ਕਸ਼ਮੀਰੀ ਪੰਡਿਤਾਂ ਨੂੰ ਮਾਰ ਦੇਣਗੇ।’’ ਉਨ੍ਹਾਂ ਕਸ਼ਮੀਰੀ ਪੰਡਿਤਾਂ ਨੂੰ ਘਾਟੀ ਛੱਡ ਕੇ ਜੰਮੂ ਅਤੇ ਦਿੱਲੀ ਵਰਗੀਆਂ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘‘ਅਸੀਂ ਅਜਿਹਾ ਪਿਛਲੇ 32 ਸਾਲਾਂ ਤੋਂ ਦੇਖ ਰਹੇ ਹਾਂ। ਸਰਕਾਰ ਘੱਟ ਗਿਣਤੀਆਂ, ਖਾਸ ਕਰਕੇ ਕਸ਼ਮੀਰੀ ਪੰਡਿਤਾਂ ਨੂੰ ਸੁਰੱਖਿਆ ਦੇਣ ਵਿੱਚ ਅਸਫ਼ਲ ਰਹੀ ਹੈ। ਅਸੀਂ ਕਦੋਂ ਤੱਕ ਇਸ ਤਰ੍ਹਾਂ ਆਪਣੀਆਂ ਜਾਨਾਂ ਦਿੰਦੇ ਰਹਾਂਗੇ? ਬਹੁਤ ਹੋ ਗਿਆ।’’ -ਪੀਟੀਆਈ