ਸ੍ਰੀਨਗਰ, 11 ਦਸੰਬਰ
ਸ੍ਰੀਨਗਰ ਸ਼ਹਿਰ ਸਣੇ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਸ਼ੁੱਕਰਵਾਰ ਦੀ ਰਾਤ ਹੁਣ ਤੱਕ ਦੀ ਮੌਜੂਦਾ ਸਰਦ ਰੁੱਤ ਦੀ ਸਭ ਤੋਂ ਠੰਢੀ ਰਾਤ ਰਿਕਾਰਡ ਕੀਤੀ ਗਈ। ਕਈ ਜਗ੍ਹਾ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ ਕਈ ਡਿਗਰੀ ਹੇਠਾਂ ਚਲਾ ਗਿਆ। ਸ੍ਰੀਨਗਰ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 3.6 ਡਿਗਰੀ ਰਿਕਾਰਡ ਕੀਤਾ ਗਿਆ। ਬਾਰਾਮੂਲਾ ਜ਼ਿਲ੍ਹੇ ’ਚ ਸਥਿਤ ਗੁਲਮਰਗ ਦਾ ਘੱਟੋ-ਘੱਟ ਤਾਪਮਾਨ ਸਿਫ਼ਰ ਤੋਂ 5.5 ਡਿਗਰੀ ਘੱਟ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਹਿਲਗਾਮ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 6.4 ਡਿਗਰੀ ਰਿਹਾ। ਇਸ ਤਰ੍ਹਾਂ ਵਾਦੀ ਵਿਚ ਪਹਿਲਗਾਮ ਦਾ ਤਾਪਮਾਨ ਸਭ ਤੋਂ ਘੱਟ ਰਿਹਾ। ਕੁਪਵਾੜਾ ਦਾ ਤਾਪਮਾਨ ਮਨਫ਼ੀ 4.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਕਾਜ਼ੀਗੁੰਡ ਦਾ ਘੱਟੋ-ਘੱਟ ਤਾਪਮਾਨ 3.7 ਡਿਗਰੀ ਸੈਲਸੀਅਸ ਰਿਹਾ। ਜਦਕਿ ਕੋਕਰਨਾਗ ਦਾ ਘੱਟੋ-ਘੱਟ ਤਾਪਮਾਨ ਮਨਫ਼ੀ 3.4 ਡਿਗਰੀ ਰਿਹਾ। ਮੌਸਮ ਵਿਭਾਗ ਨੇ ਪੂਰੇ ਜੰਮੂ ਕਸ਼ਮੀਰ ਵਿਚ ਅਗਲੇ ਕੁਝ ਦਿਨ ਤਾਪਮਾਨ ਜ਼ਿਆਦਾਤਰ ਖ਼ੁਸ਼ਕ ਪਰ ਠੰਢਾ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। -ਪੀਟੀਆਈ