ਆਨੰਦ, 10 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦਾ ਨਾਂ ਲਏ ਬਿਨਾਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਰਦਾਰ ਵੱਲਭ ਭਾਈ ਪਟੇਲ ਨੇ ਤਤਕਾਲੀ ਰਿਆਸਤਾਂ ਦੇ ਰਲੇਵੇਂ ਦੇ ਸਾਰੇ ਮੁੱਦੇ ਹੱਲ ਕਰ ਦਿੱਤੇ ਸਨ ਪਰ ਕਸ਼ਮੀਰ ਦਾ ਜ਼ਿੰਮਾ ‘ਕਿਸੇ ਹੋਰ ਵਿਅਕਤੀ’ ਕੋਲ ਸੀ ਤੇ ਉਹ ਅਣਸੁਲਝਿਆ ਹੀ ਰਿਹਾ। ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਲਟਕ ਰਿਹਾ ਕਸ਼ਮੀਰ ਮਸਲਾ ਇਸ ਲਈ ਹੱਲ ਕਰਨ ਦੇ ਸਮਰੱਥ ਹੋਏ ਕਿਉਂਕਿ ਉਹ ਸਰਦਾਰ ਪਟੇਲ ਦੇ ਨਕਸ਼ੇ ਕਦਮ ’ਤੇ ਚਲਦੇ ਹਨ। ਮੋਦੀ ਨੇ ਕਿਹਾ, ‘ਸਰਦਾਰ ਸਾਹਿਬ ਸਾਰੀਆਂ ਰਿਆਸਤਾਂ ਨੂੰ ਭਾਰਤ ’ਚ ਰਲਾਉਣ ਲਈ ਮਨਾਉਣ ’ਚ ਕਾਮਯਾਬ ਰਹੇ। ਪਰ ਇੱਕ ਹੋਰ ਵਿਅਕਤੀ ਨੇ ਕਸ਼ਮੀਰ ਦੇ ਮੁੱਦੇ ਨੂੰ ਹੱਲ ਕਰਨ ਦਾ ਜ਼ਿੰਮਾ ਸੰਭਾਲਿਆ ਸੀ।’ ਪੀਟੀਆਈ