ਮੁੰਬਈ: ਉੱਘੀ ਗਾਇਕਾ ਲਤਾ ਮੰਗੇਸ਼ਕਰ ਕੋਵਿਡ ਪਾਜ਼ੇਟਿਵ ਹਨ ਤੇ ਉਨ੍ਹਾਂ ਨੂੰ ਹਲਕੇ ਲੱਛਣ ਹਨ। ਗਾਇਕਾ ਨੂੰ ਇੱਥੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ। 92 ਸਾਲਾ ਗਾਇਕਾ ਨੂੰ ਦੋ ਦਿਨ ਪਹਿਲਾਂ ਬ੍ਰੀਚ ਕੈਂਡੀ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਮਰ ਦੇ ਲਿਹਾਜ਼ ਨਾਲ ਡਾਕਟਰਾਂ ਨੇ ਲਤਾ ਨੂੰ ਆਈਸੀਯੂ ਵਿਚ ਰੱਖਿਆ ਹੈ ਕਿਉਂਕਿ ਲਗਾਤਾਰ ਦੇਖਭਾਲ ਦੀ ਲੋੜ ਹੈ। ਨਵੰਬਰ 2019 ਵਿਚ ਵੀ ਮੰਗੇਸ਼ਕਰ ਨੂੰ ਸਾਹ ਦੀ ਤਕਲੀਫ਼ ਮਗਰੋਂ ਹਸਪਤਾਲ ਦਾਖਲ ਕਰਾਇਆ ਗਿਆ ਸੀ। ਉਦੋਂ ਉਨ੍ਹਾਂ ਨੂੰ ਨਮੋਨੀਆ ਹੋ ਗਿਆ ਸੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਤਾ ਮੰਗੇਸ਼ਕਰ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਹਾਲ ਹੀ ਵਿਚ ਕੋਵਿਡ ਪਾਜ਼ੇਟਿਵ ਆਏ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਹਾਲ ਵੀ ਜਾਣਿਆ ਅਤੇ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ। -ਪੀਟੀਆਈ