ਬੰਗਲੁਰੂ: ਕਰਨਾਟਕ ਦੇ ਮੰਤਰੀ ਦੀ ਕਥਿਤ ਟਿੱਪਣੀ ਕਿ ‘ਸਰਕਾਰ ਚੱਲ ਨਹੀਂ ਰਹੀ ਹੈ, ਅਸੀਂ ਬਸ ਕਿਸੇ ਤਰ੍ਹਾਂ ਇਸ ਨੂੰ ਅਗਲੇ 7-8 ਮਹੀਨੇ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ’, ਤੋਂ ਬਾਅਦ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੰਤਰੀ ਦੀ ਟਿੱਪਣੀ ‘ਕਿਸੇ ਹੋਰ ਸੰਦਰਭ ਵਿਚ ਸੀ’। ਉਨ੍ਹਾਂ ਅੱਜ ਆਪਣੀ ਸਰਕਾਰ ਦੇ ਬਚਾਅ ਦੀ ਕੋਸ਼ਿਸ਼ ਕੀਤੀ। ਇਹ ਟਿੱਪਣੀ ਕਾਨੂੰਨ ਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਜੇਸੀ ਮਧੂਸਵਾਮੀ ਨੇ ਕੀਤੀ ਹੈ। ਉਨ੍ਹਾਂ ਦੀ ਕੁਝ ਹੋਰ ਮੰਤਰੀਆਂ ਵੱਲੋਂ ਹੁਣ ਨਿਖੇਧੀ ਕੀਤੀ ਜਾ ਰਹੀ ਹੈ। ਕੁਝ ਨੇ ਮਧੂਸਵਾਮੀ ਨੂੰ ਅਹੁਦਾ ਛੱਡਣ ਲਈ ਕਹਿ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਾਰੇ ਕੈਬਨਿਟ ਮੰਤਰੀਆਂ ਨਾਲ ਗੱਲਬਾਤ ਕਰਨਗੇ। ਬੋਮਈ ਨੇ ਕਿਹਾ ਕਿ ਟਿੱਪਣੀ ਕਿਸੇ ਹੋਰ ਸੰਦਰਭ ਵਿਚ ਸੀ ਤੇ ਇਸ ਨੂੰ ਗਲਤ ਸੰਦਰਭ ਵਿਚ ਲੈਣ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਚੀਜ਼ਾਂ ਠੀਕ ਹਨ ਤੇ ਕੋਈ ਸਮੱਸਿਆ ਨਹੀਂ ਹੈ। ਇਸੇ ਦੌਰਾਨ ਮਧੂਸਵਾਮੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਗੱਲ ਹੋਈ ਹੈ ਤੇ ਉਨ੍ਹਾਂ ਸਪੱਸ਼ਟੀਕਰਨ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਜੇ ਮੁੱਖ ਮੰਤਰੀ ਅਸਤੀਫ਼ਾ ਮੰਗਣਗੇ ਤਾਂ ਉਹ ਦੇ ਦੇਣਗੇ। ਮਧੂਸਵਾਮੀ ਤੇ ਇਕ ਸਮਾਜਿਕ ਕਾਰਕੁਨ ਵਿਚਾਲੇ ਫੋਨ ’ਤੇ ਗੱਲਬਾਤ ਹੋਈ ਸੀ ਜਿਸ ਵਿਚੋਂ ਇਹ ਟਿੱਪਣੀ ਸਾਹਮਣੇ ਆਈ ਹੈ। ਮੰਤਰੀ ਗੱਲਬਾਤ ਦੌਰਾਨ ਇਕ ਜਗ੍ਹਾ ਸਮਾਜਿਕ ਵਰਕਰ ਦੀ ਸ਼ਿਕਾਇਤ ਦੇ ਹੱਲ ਉਤੇ ‘ਬੇਵਸੀ’ ਵੀ ਜ਼ਾਹਿਰ ਕਰ ਰਹੇ ਹਨ। ਇਸੇ ਦੌਰਾਨ ਕਾਂਗਰਸ ਨੇ ਬੋਮਈ ਨੂੰ ‘ਦੇਸ਼ ਦਾ ਸਭ ਤੋਂ ਅਯੋਗ ਮੁੱਖ ਮੰਤਰੀ’ ਕਰਾਰ ਦਿੱਤਾ ਹੈ। ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਉਹ ਭਾਜਪਾ ਨੂੰ ਸੂਬੇ ਵਿਚ ਸੱਤਾ ਤੋਂ ਲਾਂਭੇ ਕਰ ਕੇ ਦਮ ਲੈਣਗੇ। -ਪੀਟੀਆਈ