ਨਵੀਂ ਦਿੱਲੀ, 4 ਫਰਵਰੀ
ਜੇਐਨਯੂ ਦੇ ਉਪ ਕੁਲਪਤੀ ਐਮ. ਜਗਦੀਸ਼ ਕੁਮਾਰ, ਜਿਨ੍ਹਾਂ ਦਾ ’ਵਰਸਿਟੀ ਵਿਚਲਾ ਕਾਰਜਕਾਲ ਵਿਵਾਦਾਂ ਵਿਚ ਘਿਰਿਆ ਰਿਹਾ, ਨੂੰ ਹੁਣ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਹੈ। ਸਿੱਖਿਆ ਮੰਤਰਾਲੇ ਮੁਤਾਬਕ ਕੁਮਾਰ ਨੂੰ ਇਸ ਉੱਚ ਸਿੱਖਿਆ ਰੈਗੂਲੇਟਰ ਦਾ ਪੰਜ ਸਾਲਾਂ ਲਈ ਮੁਖੀ ਥਾਪਿਆ ਗਿਆ ਹੈ। ਜ਼ਿਕਰਯੋਗ ਹੈ ਕਿ ਯੂਜੀਸੀ ਚੇਅਰਮੈਨ ਦਾ ਅਹੁਦਾ 7 ਦਸੰਬਰ ਤੋਂ ਖਾਲੀ ਪਿਆ ਸੀ। 2018 ਵਿਚ ਇਹ ਅਹੁਦਾ ਸੰਭਾਲਣ ਵਾਲੇ ਪ੍ਰੋਫੈਸਰ ਡੀਪੀ ਸਿੰਘ ਹਾਲ ਹੀ ਵਿਚ ਸੇਵਾਮੁਕਤ ਹੋ ਗਏ ਸਨ। ਦੱਸਣਯੋਗ ਹੈ ਕਿ ਯੂਜੀਸੀ ਦੇ ਉਪ ਚੇਅਰਮੈਨ ਦਾ ਅਹੁਦਾ ਵੀ ਖਾਲੀ ਪਿਆ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਉਪ ਕੁਲਪਤੀ ਵਜੋਂ ਕੁਮਾਰ ਦਾ ਪੰਜ ਸਾਲ ਦਾ ਕਾਰਜਕਾਲ ਪਿਛਲੇ ਸਾਲ ਖ਼ਤਮ ਹੋ ਗਿਆ ਸੀ ਪਰ ਉਹ ਕਾਰਜਕਾਰੀ ਉਪ ਕੁਲਪਤੀ ਵਜੋਂ ਬਣੇ ਹੋਏ ਸਨ। ਹੁਣ ਜੇਐਨਯੂ ਦਾ ਉਪ ਕੁਲਪਤੀ ਵੀ ਮੰਤਰਾਲੇ ਵਜੋਂ ਲਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਜਗਦੀਸ਼ ਕੁਮਾਰ ਦੇ ਜੇਐਨਯੂ ਵਿਚ ਰਹਿਣ ਦੌਰਾਨ ਕਈ ਵਿਵਾਦ ਹੋਏ ਹਨ। ਇਨ੍ਹਾਂ ਵਿਚ 2016 ਦੇ ਦੇਸ਼ਧ੍ਰੋਹ ਮਾਮਲੇ ਤੋਂ ਲੈ ਕੇ ਕਈ ਵਾਰ ਉਪ ਕੁਲਪਤੀ ਨੂੰ ਦਫ਼ਤਰ ਵਿਚ ਬੰਦ ਕੀਤਾ ਜਾਣਾ, ਜੇਐਨਯੂ ਡਿਗਰੀ ਵੰਡ ਸਮਾਗਮ ਦੌਰਾਨ ਕੇਂਦਰੀ ਮੰਤਰੀ ਦੇ ਉੱਥੇ ਛੇ ਘੰਟੇ ਫਸੇ ਰਹਿਣ ਜਿਹੇ ਵਿਵਾਦ ਸ਼ਾਮਲ ਹਨ। ਜਗਦੀਸ਼ ਕੁਮਾਰ ਨੂੰ 2016 ਵਿਚ ’ਵਰਸਿਟੀ ਦਾ ਵੀਸੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੇ ਅਹੁਦਾ ਸੰਭਾਲਣ ਦੇ ਇਕ ਹਫ਼ਤੇ ਦੇ ਅੰਦਰ ਹੀ ਯੂਨੀਵਰਸਿਟੀ ਵਿਚ ਵਿਵਾਦ ਹੋ ਗਿਆ ਸੀ ਜੋ ਕਿ ਅਫ਼ਜ਼ਲ ਗੁਰੂ ਨੂੰ ਫਾਂਸੀ ਦੇਣ ਨਾਲ ਜੁੜਿਆ ਹੋਇਆ ਸੀ। ਜਗਦੀਸ਼ ਇਸ ਤੋਂ ਪਹਿਲਾਂ ਆਈਆਈਟੀ ਖੜਗਪੁਰ ਤੇ ਆਈਆਈਟੀ ਦਿੱਲੀ ਵਿਚ ਪ੍ਰੋਫੈਸਰ ਰਹਿ ਚੁੱਕੇ ਹਨ। -ਪੀਟੀਆਈ