ਰਾਂਚੀ, 26 ਅਗਸਤ
ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਵਿਧਾਇਕ ਵਜੋਂ ‘ਅਯੋਗ’ ਠਹਿਰਾਉਣ ਦੀ ਚੱਲ ਰਹੀ ਚਰਚਾ ਦਰਮਿਆਨ ਕੌਮੀ ਪ੍ਰਗਤੀਸ਼ੀਲ ਗੱਠਜੋੜ (ਯੂਪੀਏ) ਦੀ ਅੱਜ ਇਥੇੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਅਹਿਮ ਮੀਟਿੰਗ ਹੋਈ। ਸੂਤਰਾਂ ਮੁਤਾਬਕ ਮੀਟਿੰਗ ਵਿੱਚ 40 ਤੋਂ ਵੱਧ ਵਿਧਾਇਕ ਪੁੱਜੇ, ਜਿਨ੍ਹਾਂ ਸੂਬੇ ਨੂੰ ਦਰਪੇਸ਼ ਸਿਆਸੀ ਸੰਕਟ ’ਚੋਂ ਨਿਕਲਣ ਲਈ ਅਗਲੇਰੀ ਰਣਨੀਤੀ ’ਤੇ ਵਿਚਾਰ ਚਰਚਾ ਕੀਤੀ। ਕਾਂਗਰਸ ਵਿਚਲੇ ਕੁਝ ਲੋਕਾਂ ਨੇ ਆਪਣੀ ਪਛਾਣ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਸੀਐੱਮ ਦੀ ਰਿਹਾਇਸ਼ ’ਤੇ ਹੋਈ ਮੀਟਿੰਗ ਵਿੱਚ ਗੱਠਜੋੜ ਦੇ ਵਿਧਾਇਕਾਂ ਨੂੰ ਭਾਜਪਾ ਵੱਲੋਂ ਕੀਤੀ ਜਾਣ ਵਾਲੀ ਖਰੀਦੋ-ਫਰੋਖਤ ਤੋਂ ਬਚਾਉਣ ਲਈ ਪੱਛਮੀ ਬੰਗਾਲ ਜਾਂ ਬਿਹਾਰ ਜਿਹੇ ‘ਹਮਖਿਆਲ ਪਾਰਟੀਆਂ ਦੀਆਂ ਸਰਕਾਰਾਂ’ ਵਾਲੇ ਰਾਜਾਂ ਵਿੱਚ ਤਬਦੀਲ ਕਰਨ ਦੇ ਬਦਲ ’ਤੇ ਵੀ ਵਿਚਾਰ ਕੀਤਾ ਗਿਆ। ਸੂਤਰਾਂ ਨੇ ਕਿਹਾ ਕਿ ਕੋਈ ਵੀ ਭਵਿੱਖੀ ਫੈਸਲਾ, ਰਾਜਪਾਲ ਰਮੇਸ਼ ਬੈਸ ਵੱਲੋਂ ਸੂਬਾ ਸਰਕਾਰ ਨੂੰ ਕੋਈ ਅਧਿਕਾਰਤ ਚਿੱਠੀ ਪੱਤਰ ਭੇਜਣ ਮਗਰੋਂ ਲਿਆ ਜਾਵੇਗਾ। ਚੇਤੇ ਰਹੇ ਕਿ ਲੰਘੇ ਦਿਨ ਅਜਿਹੀ ਚਰਚਾ ਸੀ ਕਿ ਭਾਰਤੀ ਚੋਣ ਕਮਿਸ਼ਨ ਨੇ ਝਾਰਖੰਡ ਦੇ ਰਾਜਪਾਲ ਨੂੰ ਪੱਤਰ ਲਿਖ ਕੇ ਸੂਬੇ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਚੋਣ ਨੇਮਾਂ ਦੀ ਉਲੰਘਣਾ ਲਈ ਅਯੋਗ ਠਹਿਰਾਉਣ ਵਾਸਤੇ ਪੇਸ਼ਕਦਮੀ ਲਈ ਕਿਹਾ ਸੀ। -ਪੀਟੀਆਈ