ਨਵੀਂ ਦਿੱਲੀ, 30 ਨਵੰਬਰ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਸਿੱਖਾਂ ਬਾਰੇ ਇੱਕ ਪੁਸਤਕ ਰਿਲੀਜ਼ ਕੀਤੀ ਜਿਸ ਦਾ ਟਾਈਟਲ ਸੀ- ‘ਪੀਐੱਮ ਮੋਦੀ ਐਂਡ ਹਿਜ਼ ਗਵਰਨਮੈਂਟ’ਜ਼ ਸਪੈਸ਼ਲ ਰਿਲੇਸ਼ਨਜ਼ ਵਿਦ ਸਿੱਖਸ’। ਇਹ ਪੁਸਤਕ ਅੱਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਰਿਲੀਜ਼ ਕੀਤੀ ਗਈ ਜਦਕਿ ਇਨ੍ਹੀਂ ਦਿਨੀਂ ਹੀ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਵੱਲੋਂ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜੋ ਕਿ ਜ਼ਿਆਦਾਤਰ ਪੰਜਾਬ ਤੋਂ ਹੀ ਹਨ। ਇਹ ਪੁਸਤਕ ਤਿੰਨ ਭਾਸ਼ਾਵਾਂ- ਹਿੰਦੀ, ਅੰਗਰੇਜ਼ੀ ਅਤੇ ਗੁਰਮੁਖੀ ’ਚ ਰਿਲੀਜ਼ ਕੀਤੀ ਗਈ ਹੈ। ਇਸ ਦੌਰਾਨ ਹਰਦੀਪ ਸਿੰਘ ਪੁਰੀ ਸਮੇਤ ਦਸ ਜਣਿਆਂ ਨੇ ਰਾਜ ਸਭਾ ਮੈਂਬਰ ਵਜੋਂ ਹਲਫ਼ ਲਿਆ। ਸਿੱਖ ਸਮਾਜ ਲਈ ਮੋਦੀ ਸਰਕਾਰ ਦੇ ਯਤਨਾਂ ਬਾਰੇ ਦੱਸਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਯੂਕੇ ਦੀ ਇੱਕ ਯੂਨੀਵਰਸਿਟੀ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਇੱਕ ਚੇਅਰ ਸਥਾਪਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਜਦਕਿ ਕੈਨੇਡਾ ’ਚ ਵੀ ਅਜਿਹੀ ਹੀ ਚੇਅਰ ਸਥਾਪਤ ਕਰਨ ਬਾਰੇ ਗੱਲਬਾਤ ਚੱਲ ਰਹੀ ਹੈ। ਇਸ ਮੌਕੇ ਉਨ੍ਹਾਂ ਇਹ ਪੁਸਤਕ ਰਿਲੀਜ਼ ਕਰਨ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਇੱਕ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਲਏ ਗਏ ਫ਼ੈਸਲਿਆਂ ਦਾ ਵੀ ਜ਼ਿਕਰ ਕੀਤਾ। ਇਸ ਪੁਸਤਕ ’ਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਕਿਵੇਂ ਮੋਦੀ ਸਰਕਾਰ ਨੇ ਡੇਰਾ ਬਾਬਾ ਨਾਨਕ ਤੋਂ ਸ੍ਰੀ ਕਰਤਾਰਪੁਰ ਸਾਹਿਬ ਕੌਰੀਡੌਰ ਤਿਆਰ ਕਰਨ ਲਈ ਕੰਮ ਕੀਤਾ ਅਤੇ ਇਸ ਕਾਰਜ ਲਈ 120 ਕਰੋੜ ਰੁਪਏ ਦਾ ਯੋਗਦਾਨ ਪਾਇਆ। ਉਨ੍ਹਾਂ ਕਿਹਾ ਕਿ ਸਾਰੇ ਫ਼ੈਸਲੇ ਰਿਕਾਰਡ ਸਮੇਂ ’ਚ ਪੂਰੇ ਕੀਤੇ ਗਏ। -ਪੀਟੀਆਈ