ਬਨਿਹਾਲ/ਜੰਮੂ, 18 ਜੂਨ
ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਢਿੱਗਾਂ ਡਿੱਗਣ ਕਾਰਨ ਸ਼ਨਿੱਚਰਵਾਰ ਨੂੰ ਜੰਮੂ-ਸ੍ਰੀਨਗਰ ਕੌਮੀ ਰਾਜ ਮਾਰਗ ਬੰਦ ਹੋ ਗਿਆ, ਜਿਸ ਨਾਲ ਸੈਂਕੜੇ ਵਾਹਨ ਫਸ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਮਰੌਲੀ ਵਿੱਚ ਦੁਪਹਿਰ ਕਰੀਬ ਡੇਢ ਵਜੇ ਢਿੱਗਾਂ ਡਿੱਗਣ ਕਾਰਨ 270 ਕਿਲੋਮੀਟਰ ਲੰਮਾ ਰਾਜ ਮਾਰਗ ਬੰਦ ਹੋ ਗਿਆ, ਜੋ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਇਕਲੌਤੀ ਸੜਕ ਹੈ। ਸੜਕ ਦੇ ਦੋਵੇਂ ਪਾਸੇ ਆਵਾਜਾਈ ਠੱਪ ਹੋ ਗਈ। ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਮੀਂਹ ਦੇ ਬਾਵਜੂਦ ਜਲਦੀ ਤੋਂ ਜਲਦੀ ਆਵਾਜਾਈ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਰਾਮਬਨ ਜ਼ਿਲ੍ਹੇ ਵਿੱਚ ਪਾਂਥਿਆਲ ਨੇੜੇ ਰਾਜ ਮਾਰਗ ’ਤੇ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਘੱਟੋ ਘੱਟ ਦੋ ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਬਨਿਹਾਲ ਕੋਲ ਢਿੱਗਾਂ ਡਿੱਗਣ ਮਗਰੋਂ ਪਿਛਲੇ ਦਿਨੀਂ ਲਗਪਗ ਦਸ ਘੰਟੇ ਤੱਕ ਬੰਦ ਰਹੇ ਰਾਜ ਮਾਰਗ ਨੂੰ ਸ਼ੁੱਕਰਵਾਰ ਰਾਤ ਨੂੰ ਇੱਕ ਪਾਸੇ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। -ਪੀਟੀਆਈ