ਬਨਿਹਾਲ/ਜੰਮੂ, 17 ਜੂਨ
ਬਨਿਹਾਲ ਨੇੜੇ ਸ਼ੁੱਕਰਵਾਰ ਨੂੰ ਜ਼ਮੀਨ ਖਿਸਕਣ ਕਾਰਨ ਜੰਮੂ-ਸ੍ਰੀਨਗਰ ਕੌਮੀ ਮਾਰਗ ਜਾਮ ਹੋ ਗਿਆ, ਜਿਸ ਕਾਰਨ ਹਜ਼ਾਰਾਂ ਵਾਹਨ ਉੱਥੇ ਫਸ ਗਏ। ਇਹ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਚਾਰ-ਲੇਨ ਪ੍ਰਾਜੈਕਟ ’ਤੇ ਚੱਲ ਰਹੇ ਕੰਮ ਦੌਰਾਨ ਸਵੇਰੇ ਕਰੀਬ 11 ਵਜੇ ਰੋਮਪੜੀ ਵਿੱਚ 270 ਕਿਲੋਮੀਟਰ ਲੰਮੀ ਸੜਕ ’ਤੇ ਜ਼ਮੀਨ ਖਿਸਕ ਗਈ। ਇਹ ਕਸ਼ਮੀਰ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੀ ਇੱਕਮਾਤਰ ਸੜਕ ਹੈ। ਸਬੰਧਤ ਏਜੰਸੀਆਂ ਨੇ ਸੜਕ ਤੋਂ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਟਰੈਫਿਕ ਪੁਲੀਸ ਅਧਿਕਾਰੀ (ਨੈਸ਼ਨਲ ਹਾਈਵੇਅ) ਅਸਗਰ ਮਲਿਕ ਨੇ ਕਿਹਾ, ‘‘ਇੱਕ ਪਹਾੜੀ ਤੋਂ ਵੱਡੇ-ਵੱਡੇ ਪੱਥਰ ਡਿੱਗਣ ਕਾਰਨ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ। ਸੜਕ ’ਤੇ ਆਵਾਜਾਈ ਬਹਾਲ ਕਰਨ ਲਈ ਮਲਬੇ ਨੂੰ ਹਟਾਉਣ ਲਈ ਘੱਟੋ-ਘੱਟ ਚਾਰ ਘੰਟੇ ਦਾ ਸਮਾਂ ਲੱਗ ਸਕਦਾ ਹੈ।’’ ਉਨ੍ਹਾਂ ਦੱਸਿਆ ਕਿ ਕੌਮੀ ਮਾਰਗ ਦੇ ਦੋਵੇਂ ਪਾਸੇ ਆਵਾਜਾਈ ਠੱਪ ਹੈ। ਅਧਿਕਾਰੀਆਂ ਅਨੁਸਾਰ ਸੜਕ ਤੋਂ ਮਲਬਾ ਹਟਾਉਣ ਵਾਲੀ ਏਜੰਸੀ ਨੂੰ ਇਹ ਯਕੀਨੀ ਬਣਾਉਣ ਲਈ ਸਾਵਧਾਨੀ ਨਾਲ ਕੰਮ ਕਰਨਾ ਪਵੇਗਾ ਕਿ ਨਿਰਮਾਣ ਅਧੀਨ ਰੇਲਵੇ ਸੁਰੰਗ ਨੂੰ ਜੋੜਨ ਵਾਲੇ ਪੁਲ ਨੂੰ ਕੋਈ ਨੁਕਸਾਨ ਨਾ ਪਹੁੰਚੇ। -ਪੀਟੀਆਈ