ਜੰਮੂ/ਸ੍ਰੀਨਗਰ, 13 ਦਸੰਬਰ
ਜੰਮੂ ਕਸ਼ਮੀਰ ’ਚ ਜ਼ਿਲ੍ਹਾ ਵਿਕਾਸ ਕੌਂਸਲ ਚੋਣਾਂ ਦੇ ਛੇਵੇਂ ਗੇੜ ਵਿਚ ਬਾਅਦ ਦੁਪਹਿਰ ਇਕ ਵਜੇ ਤੱਕ 42.79 ਪ੍ਰਤੀਸ਼ਤ ਵੋਟਿੰਗ ਹੋ ਚੁੱਕੀ ਸੀ। 18 ਜ਼ਿਲ੍ਹਿਆਂ ਦੀਆਂ 31 ਸੀਟਾਂ ਉਤੇ ਚੋਣਾਂ ਹੋਈਆਂ ਹਨ। ਵੋਟਿੰਗ ਦੋ ਵਜੇ ਖ਼ਤਮ ਹੋ ਗਈ ਹੈ ਪਰ ਹਾਲੇ ਤੱਕ ਆਖ਼ਰੀ ਪ੍ਰਤੀਸ਼ਤ ਐਲਾਨੀ ਜਾਣੀ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਵੋਟਾਂ ਸੁਖਾਵੇਂ ਮਾਹੌਲ ਵਿਚ ਪਈਆਂ। ਇਸ ਦੌਰਾਨ ਕਿਤਿਓਂ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ। ਰਾਜੌਰੀ ਵਿਚ ਵੋਟ ਪ੍ਰਤੀਸ਼ਤ ਸਭ ਤੋਂ ਵੱਧ 63.07 ਪ੍ਰਤੀਸ਼ਤ ਰਹੀ ਜਦਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿਚ ਇਹ ਸਭ ਤੋਂ ਘੱਟ 3.66 ਪ੍ਰਤੀਸ਼ਤ ਰਹੀ। ਸੂਬਾਈ ਚੋਣ ਕਮਿਸ਼ਨਰ ਦੇ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਜੰਮੂ ਡਿਵੀਜ਼ਨ ਵਿਚ 56.90 ਪ੍ਰਤੀਸ਼ਤ ਵੋਟਿੰਗ ਹੋਈ ਹੈ। ਕਸ਼ਮੀਰ ਡਿਵੀਜ਼ਨ ਵਿਚ ਪ੍ਰਤੀਸ਼ਤ 26.28 ਰਹੀ ਹੈ। ਰਾਮਬਨ ਵਿਚ 61.91 ਪ੍ਰਤੀਸ਼ਤ, ਰਿਆਸੀ ਵਿਚ 61.21, ਪੁਣਛ ਵਿਚ 60.73, ਸਾਂਬਾ ਵਿਚ 60.61, ਜੰਮੂ ਵਿਚ 55.62, ਊਧਮਪੁਰ ਵਿਚ 54.69, ਡੋਡਾ ਵਿਚ 53.39 ਤੇ ਕਠੂਆ ਵਿਚ 50.09 ਪ੍ਰਤੀਸ਼ਤ ਵੋਟਾਂ ਪਈਆਂ ਹਨ। ਕਸ਼ਮੀਰ ਵਿਚ ਕੜਾਕੇ ਦੀ ਠੰਢ ’ਚ ਗੰਦਰਬਲ ਵਿਚ 45.89, ਕੁਪਵਾੜਾ ਵਿਚ 41.21, ਕੁਲਗਾਮ ਵਿਚ 32.71, ਬਡਗਾਮ ਵਿਚ 27.44, ਬਾਰਾਮੂਲਾ ’ਚ 26.68, ਅਨੰਤਨਾਗ ਵਿਚ 20.95, ਪੁਲਵਾਮਾ ਵਿਚ 6.80 ਤੇ ਸ਼ੋਪੀਆਂ ਵਿਚ ਇਕ ਵਜੇ ਤੱਕ 3.66 ਪ੍ਰਤੀਸ਼ਤ ਵੋਟਾਂ ਹੀ ਪਈਆਂ ਸਨ। -ਪੀਟੀਆਈ
ਚੋਣ ਪ੍ਰਚਾਰ ਦੌਰਾਨ ਭਾਜਪਾ ਆਗੂਆਂ ਦਾ ‘ਸ਼ਿਕਾਰਾ’ ਪਲਟਿਆ
ਸ੍ਰੀਨਗਰ ਦੀ ਡੱਲ ਝੀਲ ਵਿਚ ਅੱਜ ਚੋਣ ਪ੍ਰਚਾਰ ਕਰ ਰਹੇ ਭਾਜਪਾ ਆਗੂਆਂ ਦੀ ਇਕ ਕਿਸ਼ਤੀ (ਸ਼ਿਕਾਰਾ) ਪਲਟ ਗਈ। ‘ਸ਼ਿਕਾਰਾ’ ਵਿਚ ਭਾਜਪਾ ਦੇ ਚਾਰ ਆਗੂ ਤੇ ਕਈ ਫੋਟੋ ਪੱਤਰਕਾਰ ਵੀ ਸਵਾਰ ਸਨ। ਹਾਲਾਂਕਿ ਬਰਫ਼ੀਲੀ ਝੀਲ ਵਿਚ ਡਿਗੇ ਆਗੂਆਂ ਤੇ ਪੱਤਰਕਾਰਾਂ ਨੂੰ ਬਚਾ ਲਿਆ ਗਿਆ ਹੈ।