ਨਵੀਂ ਦਿੱਲੀ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ਨ (ਐੱਸਸੀਓ) ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਦੇ ਦੋ ਰੋਜ਼ਾ ਦੌਰੇ ’ਤੇ ਜਾਣਗੇ। ਇਸ ਸੰਮੇਲਨ ਵਿੱਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ, ਰੂਸ ਦੇ ਵਿਦੇਸ਼ ਮੰਤਰੀ ਸੇਰਗੇਈ ਲਾਵਰੋਵ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਬਿਲਾਵਲ ਭੁੱਟੋ ਵੀ ਸ਼ਿਰਕਤ ਕਰਨਗੇ। ਜੈਸ਼ੰਕਰ ਦੇ ਦੌਰੇ ਦਾ ਐਲਾਨ ਕਰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਐੱਸਸੀਓ ਦੌਰਾਨ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਸਤੰਬਰ ਮਹੀਨੇ ਹੋਣ ਵਾਲੇ ਸਿਖਰ ਸੰਮੇਲਨ ਬਾਰੇ ਚਰਚਾ ਹੋਵੇਗੀ, ਜੋ 15 ਅਤੇ 16 ਸਤੰਬਰ ਨੂੰ ਸਮਰਕੰਦ ਵਿੱਚ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਉਜ਼ਬੇਕਿਸਤਾਨ ਜਾਣ ਦੀ ਸੰਭਾਵਨਾ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਵਿਦੇਸ਼ ਮੰਤਰੀ ਐੱਸ ਜੈਸ਼ੰਕਰ 28-29 ਜੁਲਾਈ ਨੂੰ ਉਜ਼ਬੇਕਿਸਤਾਨ ਦੇ ਵਿਦੇਸ਼ ਮਾਮਲਿਆਂ ਦੇ ਕਾਰਜਕਾਰੀ ਮੰਤਰੀ ਵਲਾਦੀਮੀਰ ਨੋਰੋਵ ਦੇ ਸੱਦੇ ’ਤੇ ਐੱਸਸੀਓ ਦੇ ਸੰਮੇਲਨ ਵਿੱਚ ਹਿੱਸਾ ਲੈਣ ਲਈ ਉਜ਼ਬੇਕਿਸਤਾਨ ਜਾਣਗੇ।’’ -ਪੀਟੀਆਈ