ਮੈਕਸੀਕੋ ਸਿਟੀ, 28 ਸਤੰਬਰ
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਮੈਕਸੀਕੋ ਦੇ ਰਾਸ਼ਟਰਪਤੀ ਮੈਨੁਏਲ ਲੋਪੇਜ਼ ਓਬਰਾਡੋਰ ਨਾਲ ਅੱਜ ਮੁਲਾਕਾਤ ਕੀਤੀ। ਜੈਸ਼ੰਕਰ ਮੈਕਸੀਕੋ ਦੇ ਦੌਰੇ ਉਤੇ ਹਨ। ਦੋਵਾਂ ਆਗੂਆਂ ਨੇ ਕਈ ਖੇਤਰਾਂ ਵਿਚ ਸਹਿਯੋਗ ਵਧਾਉਣ ਉਤੇ ਚਰਚਾ ਕੀਤੀ। ਇਨ੍ਹਾਂ ਵਿਚ ਫਾਰਮਾ, ਆਈਸੀਟੀ ਤੇ ਊਰਜਾ ਸ਼ਾਮਲ ਹਨ। ਵਿਦੇਸ਼ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰਪਤੀ ਓਬਾਰਡੋਰ ਨੂੰ ਸ਼ੁੱਭ ਇੱਛਾਵਾਂ ਵੀ ਦਿੱਤੀਆਂ। ਇਸ ਤੋਂ ਪਹਿਲਾਂ ਜੈਸ਼ੰਕਰ ਨੇ ਆਪਣੇ ਹਮਰੁਤਬਾ ਮਾਰਸਿਲੋ ਐਬਰਾਡ ਕਸਾਉਬੋਨ ਨਾਲ ਵੀ ਮੁਲਾਕਾਤ ਕੀਤੀ ਸੀ। ਉਨ੍ਹਾਂ ਵਪਾਰ, ਨਿਵੇਸ਼ ਤੇ ਪੁਲਾੜ ਖੇਤਰਾਂ ਵਿਚ ਸਹਿਯੋਗ ਵਧਾਉਣ ਉਤੇ ਚਰਚਾ ਕੀਤੀ। ਦੋਵੇਂ ਦੇਸ਼ ਕੌਮਾਂਤਰੀ ਮੰਚਾਂ ਉਤੇ ਨੇੜਿਓਂ ਤਾਲਮੇਲ ਲਈ ਵੀ ਸਹਿਮਤ ਹੋਏ। ਜੈਸ਼ੰਕਰ 41 ਸਾਲਾਂ ਵਿਚ ਮੈਕਸੀਕੋ ਦਾ ਦੌਰਾ ਕਰਨ ਵਾਲੇ ਪਹਿਲੇ ਵਿਦੇਸ਼ ਮੰਤਰੀ ਹਨ। ਮੈਕਸੀਕੋ ਸਿਟੀ ਵਿਚ ਜੈਸ਼ੰਕਰ ਨੇ ਮਹਾਤਮਾ ਗਾਂਧੀ ਦੇ ਬੁੱਤ ’ਤੇ ਫੁੱਲਮਾਲਾ ਵੀ ਭੇਟ ਕੀਤੀ। ਮੈਕਸੀਕੋ ਆਪਣੀ ਆਜ਼ਾਦੀ ਦੀ ਵਰ੍ਹੇਗੰਢ ਮਨਾ ਰਿਹਾ ਹੈ। ਭਾਰਤੀ ਵਿਦੇਸ਼ ਮੰਤਰੀ ਨੇ ਇਸ ਮੌਕੇ ਸਰਬੀਆ, ਬੰਗਲਾਦੇਸ਼ ਤੇ ਹੋਰ ਦੇਸ਼ਾਂ ਦੇ ਆਗੂਆਂ ਨਾਲ ਵੀ ਮੁਲਾਕਾਤ ਕੀਤੀ। ਆਪਣੇ ਦੌਰੇ ਦੌਰਾਨ ਉਹ ਕਾਰੋਬਾਰੀ ਭਾਈਚਾਰੇ ਨੂੰ ਵੀ ਮਿਲਣਗੇ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ 10 ਅਰਬ ਡਾਲਰ ਤੋਂ ਵੱਧ ਦਾ ਕਾਰੋਬਾਰ ਹੁੰਦਾ ਹੈ। -ਪੀਟੀਆਈ