ਪਿਥੌਰਾਗੜ੍ਹ (ਉੱਤਰਾਖੰਡ): ਭਾਰਤ-ਚੀਨ ਸਰਹੱਦ ’ਤੇ ਕੁਟੀ ਘਾਟੀ ਵਿੱਚ ਖਰਾਬ ਮੌਸਮ ਕਾਰਨ ਫਸੇ ਭਾਰਤ-ਤਿੱਬਤ ਸੀਮਾ ਪੁਲੀਸ (ਆਈਟੀਬੀਪੀ) ਦੇ 16 ਜਵਾਨਾਂ ਨੂੰ ਅੱਜ ਭਾਰਤੀ ਫ਼ੌਜ ਦੀ ਪੰਚਸ਼ੂਲ ਬ੍ਰਿਗੇਡ ਵੱਲੋਂ ਸੁਰੱਖਿਅਤ ਕੱਢ ਲਿਆ ਗਿਆ ਹੈ। ਫ਼ੌਜ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਆਈਟੀਬੀਪੀ ਦੇ ਜਵਾਨ ਘਾਟੀ ’ਚ ਗਸ਼ਤ ਕਰਦੇ ਸਮੇਂ ਖਰਾਬ ਮੌਸਮ ਕਾਰਨ ਉੱਥੇ ਫਸ ਗਏ ਸਨ। ਪੰਚਸ਼ੂਲ ਬ੍ਰਿਗੇਡ ਦੇ ਕੈਪਟਨ ਕੁਲਦੀਪ ਸਿੰਘ ਨੇ ਦੱਸਿਆ ਕਿ ਆਈਟੀਬੀਪੀ ਜਵਾਨਾਂ ਦੇ ਕੁਟੀ ਘਾਟੀ ’ਚ ਫਸਣ ਦੀ ਸੂਚਨਾ ਮਿਲਣ ’ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਉਥੋਂ ਬਚਾਅ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਦੀ ’ਚ ਮੌਸਮ ਅਚਾਨਕ ਹੀ ਖ਼ਰਾਬ ਹੋ ਗਿਆ ਸੀ ਅਤੇ ਜਵਾਨਾਂ ਨੂੰ ਬਚਾਅ ਲਈ ਕੋਈ ਸਥਾਨ ਨਹੀਂ ਮਿਲਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਜਵਾਨਾਂ ਦੇ ਕੁਟੀ ਇਲਾਕੇ ’ਚ ਫਸੇ ਹੋਣ ਦੀ ਜਾਣਕਾਰੀ ਮਿਲੀ ਤਾਂ ਟੀਮ ਤੁਰੰਤ ਹਰਕਤ ’ਚ ਆਈ ਅਤੇ ਸਾਰੇ ਜਵਾਨਾਂ ਨੂੰ ਕੱਢ ਲਿਆ ਗਿਆ ਹੈ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਖ਼ਤਰੇ ਤੋਂ ਬਾਹਰ ਹਨ। -ਪੀਟੀਆਈ