ਨਵੀਂ ਦਿੱਲੀ, 7 ਸਤੰਬਰ
ਮੁੱਖ ਅੰਸ਼
- ਵਿੱਤੀ ਲੈਣ-ਦੇਣ ਵਿੱਚ ਗੜਬੜੀ ਅਤੇ ਟੈਕਸ ਚੋਰੀ ਦੀ ਕੀਤੀ ਜਾ ਰਹੀ ਹੈ ਜਾਂਚ
ਆਮਦਨ ਕਰ ਵਿਭਾਗ ਨੇ ਅੱਜ ਰਜਿਸਟਰਡ ਗ਼ੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ (ਆਰਯੂਪੀਪੀ) ਅਤੇ ਉਨ੍ਹਾਂ ਦੇ ਕਥਿਤ ਸ਼ੱਕੀ ਵਿੱਤੀ ਲੈਣ-ਦੇਣ ਖ਼ਿਲਾਫ਼ ਟੈਕਸ ਚੋਰੀ ਦੀ ਜਾਂਚ ਲਈ ਕਈ ਰਾਜਾਂ ਵਿੱਚ ਛਾਪੇ ਮਾਰੇ ਹਨ। ਸੂਤਰਾਂ ਨੇ ਕਿਹਾ ਕਿ ਗੁਜਰਾਤ, ਦਿੱਲੀ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਛੱਤੀਸਗੜ੍ਰ, ਹਰਿਆਣਾ ਅਤੇ ਕੁਝ ਹੋਰ ਸੂਬਿਆਂ ਵਿੱਚ 110 ਟਿਕਾਣਿਆਂ ਦੀ ਤਲਾਸ਼ੀ ਲਈ ਜਾ ਰਹੀ ਹੈ। ਮਯੂਰ ਵਿਹਾਰ ਇਲਾਕੇ ’ਚ ਇਕ ਵਕੀਲ ਦੇ ਦਫ਼ਤਰ ’ਤੇ ਆਈਟੀ ਟੀਮ ਨੂੰ ਦੇਖਿਆ ਗਿਆ। ਸੂਤਰਾਂ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਨੇ ਆਰਯੂਪੀਪੀ, ਉਨ੍ਹਾਂ ਦੇ ਪ੍ਰਮੋਟਰਾਂ ਅਤੇ ਇਸ ਨਾਲ ਜੁੜੀਆਂ ਸੰਸਥਾਵਾਂ ਵਿਰੁੱਧ ਸਾਂਝੀ ਕਾਰਵਾਈ ਸ਼ੁਰੂ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਚੋਣ ਕਮਿਸ਼ਨ ਦੀ ਸਿਫ਼ਾਰਿਸ਼ ’ਤੇ ਵਿਭਾਗ ਵੱਲੋਂ ਅਚਾਨਕ ਇਹ ਕਾਰਵਾਈ ਕੀਤੀ ਗਈ ਹੈ। ਕਮਿਸ਼ਨ ਨੇ ਹਾਲ ਹੀ ਵਿੱਚ ਤਸਦੀਕ ਤੋਂ ਬਾਅਦ ਆਰਯੂਪੀਪੀਜ਼ ਦੀ ਸੂਚੀ ਵਿੱਚੋਂ 198 ਸੰਸਥਾਵਾਂ ਨੂੰ ਹਟਾ ਦਿੱਤਾ ਸੀ। ਚੋਣ ਕਮਿਸ਼ਨ ਨੇ ਐਲਾਨ ਕੀਤਾ ਸੀ ਕਿ ਉਹ ਨਿਯਮਾਂ ਅਤੇ ਚੋਣ ਨਾਲ ਸਬੰਧਤ ਕਾਨੂੰਨਾਂ ਦੀ ਉਲੰਘਣਾ ਕਰਨ ਲਈ 2100 ਤੋਂ ਵੱਧ ਰਜਿਸਟਰਡ ਗ਼ੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਵਿਰੁੱਧ ਕਾਰਵਾਈ ਕਰ ਰਿਹਾ ਹੈ। ਕਮਿਸ਼ਨ ਮੁਤਾਬਕ ਸੂਬਿਆਂ ਦੇ ਮੁੱਖ ਚੋਣ ਅਧਿਕਾਰੀਆਂ ਵੱਲੋਂ ਜਦੋਂ ਇਹ ਦੱਸਿਆ ਗਿਆ ਕਿ ਇਨ੍ਹਾਂ ’ਚੋਂ ਕਈ ਆਰਯੂਪੀਪੀਜ਼ ਦੀ ਹੋਂਦ ਹੀ ਨਹੀਂ ਸੀ ਤਾਂ ਇਹ ਛਾਪੇ ਮਾਰੇ ਗਏ ਹਨ। ਸਰਕਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਕਰੀਬ 2800 ਰਜਿਸਟਰਡ ਗ਼ੈਰ-ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਹਨ। ਚੋਣ ਕਮਿਸ਼ਨ ਸਰਕਾਰ ’ਤੇ ਦਬਾਅ ਪਾਉਂਦਾ ਆ ਰਿਹਾ ਹੈ ਕਿ ਉਹ ਇਨ੍ਹਾਂ ਸਿਆਸੀ ਪਾਰਟੀਆਂ ਦੀ ਰਜਿਸਟਰੇਸ਼ਨ ਖ਼ਤਮ ਕਰਨ ਦੀ ਇਜਾਜ਼ਤ ਦੇਵੇ। -ਪੀਟੀਆਈ
ਮੈਂ ਤਾਂ ਪਹਿਲਾਂ ਹੀ ਛਾਪਿਆਂ ਦੀ ਭਵਿੱਖਬਾਣੀ ਕੀਤੀ ਸੀ: ਬਘੇਲ
ਰਾਏਪੁਰ: ਆਮਦਨ ਕਰ ਵਿਭਾਗ ਵੱਲੋਂ ਛੱਤੀਸਗੜ੍ਹ ’ਚ ਕੁਝ ਕਾਰੋਬਾਰੀਆਂ ਦੇ ਟਿਕਾਣਿਆਂ ’ਤੇ ਮਾਰੇ ਗਏ ਛਾਪਿਆਂ ਦੀ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਆਲੋਚਨਾ ਕੀਤੀ ਹੈ। ਇਥੇ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਮੈਂ ਪਹਿਲਾਂ ਹੀ ਆਮਦਨ ਕਰ ਅਤੇ ਐੱਨਫੋਰਸਮੈਂਟ ਡਾਇਰੈਕਟੋਰੇਟ ਦੇ ਛਾਪਿਆਂ ਦੀ ਭਵਿੱਖਬਾਣੀ ਕੀਤੀ ਸੀ। ਮੈਂ ਕਿਹਾ ਸੀ ਕਿ ਛਾਪੇ ਪੈਣਗੇ। ਹੁਣ ਈਡੀ ਵੀ ਆਵੇਗੀ।’’ ਪਿਛਲੇ ਹਫ਼ਤੇ ਬਘੇਲ ਨੇ ਕਿਹਾ ਸੀ ਕਿ ਉਨ੍ਹਾਂ ਦੇ ‘ਸ਼ੁਭ ਚਿੰਤਕਾਂ’ ਨੇ ਦੱਸਿਆ ਸੀ ਕਿ ਛੱਤੀਸਗੜ੍ਹ ’ਚ ਛੇਤੀ ਹੀ ਈਡੀ ਅਤੇ ਆਈਟੀ ਦੇ ਛਾਪੇ ਪੈਣਗੇ ਕਿਉਂਕਿ ਗੁਆਂਢੀ ਸੂਬੇ ਝਾਰਖੰਡ ਦੇ ਹੁਕਮਰਾਨ ਯੂਪੀਏ ਗੱਠਜੋੜ ਦੇ ਵਿਧਾਇਕ ਰਾਏਪੁਰ ਨੇੜੇ ਰਿਜ਼ੌਰਟ ’ਚ ਠਹਿਰੇ ਸਨ। ਛੱਤੀਸਗੜ੍ਹ ਕਾਂਗਰਸ ਸੰਚਾਰ ਵਿੰਗ ਦੇ ਮੁਖੀ ਸੁਸ਼ੀਲ ਆਨੰਦ ਸ਼ੁਕਲਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਕੇਂਦਰੀ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। -ਪੀਟੀਆਈ
ਰਾਜਸਥਾਨ ਦੇ ਗ੍ਰਹਿ ਮੰਤਰੀ ਦੇ ਟਿਕਾਣਿਆਂ ’ਤੇ ਵੀ ਛਾਪੇ
ਜੈਪੁਰ/ਨਵੀਂ ਦਿੱਲੀ: ਆਮਦਨ ਕਰ ਵਿਭਾਗ ਨੇ ਰਾਜਸਥਾਨ ਦੇ ਗ੍ਰਹਿ ਮੰਤਰੀ ਰਾਜੇਂਦਰ ਯਾਦਵ ਨਾਲ ਜੁੜੇ ਕਈ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਸੂਤਰਾਂ ਨੇ ਕਿਹਾ ਕਿ ਟੈਕਸ ਚੋਰੀ ਦੀ ਜਾਂਚ ਲਈ ਰਾਜਸਥਾਨ ਦੀ ਰਾਜਧਾਨੀ ਜੈਪੁਰ ਅਤੇ ਉੱਤਰਾਖੰਡ ’ਚ ਕੁਝ ਥਾਵਾਂ ’ਤੇ ਇਹ ਛਾਪੇ ਮਾਰੇ ਗਏ ਹਨ। ਮੰਤਰੀ ਨੇ ਕਿਹਾ ਕਿ ਆਮਦਨ ਕਰ ਵਿਭਾਗ ਵੱਲੋਂ ਕੋਟਪੁਤਲੀ ਅਤੇ ਉੱਤਰਾਖੰਡ ’ਚ ਉਨ੍ਹਾਂ ਦੇ ਕਾਰੋਬਾਰੀ ਅਤੇ ਰਿਹਾਇਸ਼ੀ ਟਿਕਾਣਿਆਂ ’ਚ ਛਾਪੇ ਮਾਰੇ ਗਏ ਪਰ ਇਨ੍ਹਾਂ ਛਾਪਿਆਂ ਦਾ ਕਾਰਨ ਪਤਾ ਨਹੀਂ ਲੱਗਿਆ ਹੈ। ਕੋਟਪੁਤਲੀ ਤੋਂ ਕਾਂਗਰਸ ਵਿਧਾਇਕ ਯਾਦਵ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਖਾਦਾਂ, ਅਨਾਜ ਅਤੇ ਸੀਮਿੰਟ ਦੇ ਥੈਲੇ ਬਣਾਉਣ ਦੇ ਕਾਰੋਬਾਰ ’ਚ ਹੈ। ਉਨ੍ਹਾਂ ਦਾ ਆਟੇ ਅਤੇ ਦਾਲਾਂ ਦਾ ਵੀ ਕਾਰੋਬਾਰ ਹੈ। ਆਪਣੀ ਸਿਵਲ ਲਾਈਨਜ਼ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜ-ਛੇ ਥਾਵਾਂ ’ਤੇ ਛਾਪੇ ਮਾਰੇ ਗਏ ਹਨ। ‘ਜੇਕਰ ਕੇਂਦਰ ਸਰਕਾਰ ਸਮਝਦੀ ਹੈ ਕਿ ਕੁਝ ਗਲਤ ਹੈ ਤਾਂ ਉਨ੍ਹਾਂ ਨੂੰ ਜਾਂਚ ਕਰ ਲੈਣ ਦਿਉ। ਅਸੀਂ ਸੱਚ ਨਾਲ ਖੜ੍ਹੇ ਹਾਂ। ਜਦੋਂ ਮੈਂ ਅਧਿਕਾਰੀਆਂ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਭੇਜਿਆ ਹੈ।’ ਯਾਦਵ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ 72-74 ਸਾਲਾਂ ਤੋਂ ਸਾਫ਼-ਸੁਥਰਾ ਕਾਰੋਬਾਰ ਕਰ ਰਿਹਾ ਹੈ ਅਤੇ ਕਿਸੇ ਵੀ ਸਿਆਸੀ ਫੰਡਿੰਗ ’ਚ ਉਨ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਸੂਬੇ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਛਾਪੇ ਪੈਣ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਕਈ ਉਤਰਾਅ-ਚੜ੍ਹਾਅ ਆਏ ਹਨ ਅਤੇ ਜੇਕਰ ਸਿਆਸਤ ਨਾਲ ਜੁੜਿਆ ਮਾਮਲਾ ਹੈ ਤਾਂ ਉਹ ਇਸ ਦਾ ਡਟ ਕੇ ਸਾਹਮਣਾ ਕਰਨਗੇ। -ਪੀਟੀਆਈ
ਐੱਫਸੀਆਰਏ ਦੀ ਉਲੰਘਣਾ ਦੇ ਦੋਸ਼ ਹੇਠ ਔਕਸਫੈਮ ਸਣੇ ਕਈ ਐੱਨਜੀਓਜ਼ ’ਤੇ ਛਾਪੇ
ਨਵੀਂ ਦਿੱਲੀ: ਐੱਫਸੀਆਰਏ ਦੀ ਉਲੰਘਣਾ ਦੇ ਦੋਸ਼ ਹੇਠ ਦਿੱਲੀ ਆਧਾਰਿਤ ਸੈਂਟਰ ਫਾਰ ਰਿਸਰਚ, ਐੱਨਜੀਓ ਔਕਸਫੈਮ ਇੰਡੀਆ ਅਤੇ ਬੰਗਲੂਰੂ ਆਧਾਰਿਤ ਇੰਡੀਪੈਂਡਟ ਐਂਡ ਪਬਲਿਕ ਸਪਿਰਿਟਿਡ ਮੀਡੀਆ ਫਾਊਂਡੇਸ਼ਨ ਸਮੇਤ ਕਈ ਐੱਨਜੀਓਜ਼ ਦੇ ਟਿਕਾਣਿਆਂ ’ਤੇ ਵੀ ਆਮਦਨ ਕਰ ਵਿਭਾਗ ਵੱਲੋਂ ਛਾਪੇ ਮਾਰੇ ਗਏ। ਸੂਤਰਾਂ ਨੇ ਕਿਹਾ ਕਿ ਆਈਟੀ ਵਿਭਾਗ ਨੇ ਤਿੰਨ ਹੋਰ ਐੱਨਜੀਓਜ਼ ਖ਼ਿਲਾਫ਼ ਅਚਾਨਕ ਕਾਰਵਾਈ ਕੀਤੀ ਹੈ। ਔਕਸਫੈਮ ਇੰਡੀਆ, ਮੀਡੀਆ ਫਾਊਂਡੇਸ਼ਨ ਅਤੇ ਕੁਝ ਹੋਰਾਂ ਨੇ ਛਾਪਿਆਂ ਬਾਰੇ ਫੌਰੀ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਸੂਤਰਾਂ ਨੇ ਕਿਹਾ ਕਿ ਵਿਭਾਗ ਵੱਲੋਂ ਇਨ੍ਹਾਂ ਸੰਗਠਨਾਂ ਦੀ ਬੈਲੇਂਸ ਸ਼ੀਟ ਨੂੰ ਘੋਖਿਆ ਗਿਆ ਅਤੇ ਐੱਫਸੀਆਰਏ ਤਹਿਤ ਮਿਲੇ ਫੰਡਾਂ ਦੀਆਂ ਰਸੀਦਾਂ ਦੇਖੀਆਂ।