ਨਵੀਂ ਦਿੱਲੀ, 2 ਫਰਵਰੀ
ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਇਰਾਨੀ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਕਿਹਾ ਕਿ ਮੁਲਕ ਵਿੱਚ ਮਹਿਲਾ ਅਤੇ ਬੱਚਿਆਂ ਦੀ ਰੱਖਿਆ ਸਭਨਾਂ ਦੀ ਪ੍ਰਾਥਮਿਕਤਾ ਹੈ ਪਰ ਹਰ ਵਿਆਹ ਨੂੰ ਹਿੰਸਕ ਅਤੇ ਹਰ ਪੁਰਸ਼ ਨੂੰ ਬਲਾਤਕਾਰੀ ਕਹਿ ਕੇ ਭੰਡਣਾ ਠੀਕ ਨਹੀਂ ਹੈ। ਉਨ੍ਹਾਂ ਇਹ ਗੱਲ ਸੀਪੀਆਈ ਆਗੂ ਬਿਨੋਏ ਵਿਸਵਾਮ ਵੱਲੋਂ ਪਤਨੀ ਨਾਲ ਜਬਰੀ ਸਰੀਰਕ ਸਬੰਧ ਬਣਾਉਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਹੀ।
ਮੰਤਰੀ ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਇਸ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਕਰਨਾ ਹੈ। ਮੌਜੂਦਾ ਸਮੇਂ ਵਿੱਚ, ਪੂਰੇ ਮੁਲਕ ਵਿੱਚ 30 ਤੋਂ ਵੱਧ ਹੈਲਪਲਾਈਨਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਨੇ 66 ਲੱਖ ਤੋਂ ਵੱਧ ਔਰਤਾਂ ਦੀ ਮਦਦ ਕੀਤੀ ਹੈ। ਇਸ ਤੋਂ ਇਲਾਵਾ, ਦੇਸ਼ ਵਿੱਚ 703 ‘ਵਨ ਸਟਾਪ ਸੈਂਟਰ’ ਵੀ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਨੇ ਪੰਜ ਲੱਖ ਤੋਂ ਵੱਧ ਔਰਤਾਂ ਦੀ ਮਦਦ ਕੀਤੀ ਹੈ। ਸੀਪੀਆਈ ਆਗੂ ਨੇ ਕਿਹਾ ਕਿ ਉਨ੍ਹਾਂ ਦਾ ਮਤਲਬ ਇਹ ਨਹੀਂ ਹੈ ਕਿ ਹਰ ਪੁਰਸ਼ ਬਲਾਤਕਾਰੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਇਸ ਮੁੱਦੇ ’ਤੇ ਡੇਟਾ ਇਕੱਠਾ ਕਰੇ ਅਤੇ ਛੇਤੀ ਤੋਂ ਛੇਤੀ ਸੰਸਦ ਵਿੱਚ ਦੇਵੇ। ਮੰਤਰੀ ਨੇ ਕਿਹਾ ਕਿ ਮੈਂਬਰ ਦਾ ਸੁਝਾਅ ਹੈ ਕਿ ਕੇਂਦਰ ਸੂਬਾ ਸਰਕਾਰਾਂ ਤੋਂ ਅਜਿਹੇ ਮਾਮਲਿਆਂ ਸਬੰਧੀ ਵੇਰਵੇ ਮੰਗੇ, ਪਰ ਕੇਂਦਰ ਸੂਬਾ ਸਰਕਾਰ ਵੱਲੋਂ ਸਦਨ ਵਿੱਚ ਇਸ ਦੀ ਸਿਫਾਰਸ਼ ਨਹੀਂ ਕਰ ਸਕਦਾ। ਭਾਜਪਾ ਆਗੂ ਸੁਸ਼ੀਲ ਮੋਦੀ ਨੇ ਪੁੱਛਿਆ ਕਿ ਜੇ ਸਰਕਾਰ ਪਤਨੀ ਨਾਲ ਜਬਰੀ ਸਰੀਰਕ ਸਬੰਧ ਬਣਾਉਣ ਨੂੰ ਅਪਰਾਧ ਐਲਾਨਣ ਦੇ ਪੱਖ ਵਿੱਚ ਹੈ ਤਾਂ ਇਸ ਨਾਲ ਵਿਆਹ ਦਾ ਅਰਥ ਹੀ ਖ਼ਤਮ ਹੋ ਜਾਵੇਗਾ। ਸੁਸ਼ੀਲ ਮੋਦੀ ਨੇ ਕਿਹਾ ਕਿ ਇਹ ਸਾਬਤ ਕਰਨਾ ਮੁਸ਼ਕਲ ਹੋ ਜਾਵੇਗਾ ਕਿ ਕਦੋਂ ਪਤਨੀ ਦੀ ਸਹਿਮਤੀ ਸੀ ਤੇ ਕਦੋਂ ਨਹੀਂ। -ਏਜੰਸੀ