ਬੰਗਲੁਰੂ, 29 ਦਸੰਬਰ
ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕਿਹਾ ਕਿ ਵਿਗਿਆਨ ਦਾ ਮੰਤਵ ਲੋਕਾਂ ਦੀ ਜ਼ਿੰਦਗੀ ਸੌਖਾਲੀ ਅਤੇ ਖ਼ੁਸ਼ਹਾਲ ਬਣਾਉਣਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨੌਜਵਾਨ ਪੀੜ੍ਹੀ ਵਿੱਚ ਵਿਗਿਆਨਿਕ ਸੋਚ ਪੈਦਾ ਕਰਨੀ ਜ਼ਰੂਰੀ ਹੈ।
ਇੱਥੇ ਇੰਡੀਅਨ ਇੰਸਟੀਚਿਊਟ ਆਫ ਐਸਟ੍ਰੋਫਿਜ਼ਿਕਸ ਦੇ ਸਮਾਗਮ ਵਿੱਚ ਬੋਲਦਿਆਂ ਉਨ੍ਹਾਂ ਕਿਹਾ ਕਿ ਵਿਗਿਆਨ ਕਿਸੇ ਵੀ ਸਮਾਜ ਦੀ ਨੀਂਹ ਹੈ ਕਿਉਂਕਿ ਇਹ ਵਾਰ-ਵਾਰ ਕੀਤੇ ਪ੍ਰਯੋਗਾਂ ਰਾਹੀਂ ਤਸਦੀਕ ਕੀਤੇ ਜਾ ਸਕਣ ਵਾਲੇ ਤੱਥਾਂ ਦੀ ਸੱਚਾਈ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਤਰੱਕੀ ਅਤੇ ਮਨੁੱਖਤਾ ਦੇ ਬਚਾਅ ਲਈ ਸਮਾਜ ਵਿੱਚ ਵਿਗਿਆਨਿਕ ਸੋਚ ਪੈਦਾ ਕਰਨਾ ਲਾਜ਼ਮੀ ਹੈ। ਨਾਇਡੂ ਨੇ ਕਿਹਾ, ‘‘ਮੈਂ ਹਮੇਸ਼ਾ ਕਹਿੰਦਾ ਹਾਂ ਕਿ ਵਿਗਿਆਨ ਦਾ ਅਸਲ ਮੰਤਵ ਲੋਕਾਂ ਦੀ ਜ਼ਿੰਦਗੀ ਸੌਖਾਲੀ ਅਤੇ ਖ਼ੁਸ਼ਹਾਲ ਬਣਾਉਣਾ ਹੈ। ਅਤੇ ਮੈਨੂੰ ਇਹ ਕਹਿੰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਖਗੋਲ ਵਿਗਿਆਨ ਨੇ ਸਮਾਜ ਨੂੰ ਵੱਖ-ਵੱਖ ਢੰਗਾਂ ਨਾਲ ਬਹੁਤ ਫ਼ਾਇਦਾ ਪਹੁੰਚਾਇਆ ਹੈ। ਖਗੋਲ ਵਿਗਿਆਨ ਤੋਂ ਸਨਅਤ, ਹਵਾਬਾਜ਼ੀ ਅਤੇ ਊਰਜਾ ਖੇਤਰਾਂ ਵਿੱਚ ਬਹੁਤ ਜ਼ਿਆਦਾ ਤਕਨਾਲੋਜੀ ਦਾ ਤਬਾਦਲਾ ਹੁੰਦਾ ਹੈ।’’ ਉਨ੍ਹਾਂ ਦੱਸਿਆ ਕਿ ਬਹੁਤ ਸਾਰੀ ਤਕਨਾਲੋਜੀ-ਜਿਵੇਂ ਐਕਸ-ਰੇਅ ਮਸ਼ੀਨਾਂ, ਸੁਪਰ ਕੰਪਿਊਟਰ, ਸੈਟੇਲਾਈਟ ਸੰਚਾਰ, ਜੀਪੀਐੱਸ ਆਦਿ- ਖਗੋਲ ਵਿਗਿਆਨ ਵਿੱਚ ਖੋਜ ਦਾ ਨਤੀਜਾ ਹੈ। -ਪੀਟੀਆਈ