ਨਵੀਂ ਦਿੱਲੀ, 30 ਜਨਵਰੀ
ਦਿੱਲੀ ਵਿਚ ਇਜ਼ਰਾਇਲੀ ਦੂਤਾਵਾਸ ਦੇ ਬਾਹਰ ਸ਼ੁੱਕਰਵਾਰ ਹੋਏ ਹਲਕੇ ਧਮਾਕੇ ਦੀ ਜਾਂਚ ਕਰਨ ਵਾਲਿਆਂ ਹੱਥ ਹਾਲੇ ਤੱਕ ਕੁਝ ਠੋਸ ਨਹੀਂ ਲੱਗਾ ਹੈ। ਧਮਾਕੇ ਨੇੜਲੇ ਜ਼ਿਆਦਾਤਰ ਸੀਸੀਟੀਵੀ ਕੈਮਰੇ ਘਟਨਾ ਵਾਪਰਨ ਵੇਲੇ ‘ਕੰਮ ਨਹੀਂ ਕਰ ਰਹੇ ਸਨ।’ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਦੀ ਜਾਂਚ ਟੀਮ ਨੇ ਦੂਤਾਵਾਸ ਨੇੜੇ ਘਟਨਾ ਸਥਾਨ ਦਾ ਦੌਰਾ ਕੀਤਾ ਹੈ ਤੇ ਕੁਝ ਹੋਰ ਸਬੂਤ ਇਕੱਠੇ ਕੀਤੇ ਹਨ। ਸੂਤਰਾਂ ਮੁਤਾਬਕ ਇਲਾਕੇ ਵਿਚਲੇ ਕੁਝ ਹੋਰਨਾਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਪੁਲੀਸ ਨੂੰ ਮਿਲ ਗਈ ਹੈ, ਪਰ ਬਿਲਕੁਲ ਨੇੜਲੇ ਕੈਮਰਿਆਂ ਦੀ ਫੁਟੇਜ ਨਹੀਂ ਮਿਲ ਸਕੀ ਹੈ। ਇਸ ਤੋਂ ਪਹਿਲਾਂ ਜਿਹੜੀ ਰਿਕਾਰਡਿੰਗ ਪੁਲੀਸ ਕੋਲ ਹੈ ਉਸ ਵਿਚ ਦੂਤਾਵਾਸ ਨੇੜੇ ਇਕ ਵਾਹਨ ਸ਼ੱਕੀ ਢੰਗ ਨਾਲ ਘੁੰਮਦਾ ਨਜ਼ਰ ਆ ਰਿਹਾ ਹੈ। ਇਕ ਹੋਰ ਸੂਤਰ ਨੇ ਦੱਸਿਆ ਕਿ ਫੌਰੈਂਸਿਕ ਮਾਹਿਰਾਂ ਨੇ ਘਟਨਾ ਸਥਾਨ ਤੋਂ ਕੁਝ ਨਮੂਨੇ ਲਏ ਹਨ ਜਿਸ ਤੋਂ ਪਤਾ ਲੱਗ ਸਕੇਗਾ ਕਿ ਹਲਕੇ ਆਈਈਡੀ ਧਮਾਕੇ ਵਿਚ ਕਿਹੜੇ ਰਸਾਇਣ ਵਰਤੇ ਗਏ ਸਨ। ਸੂਤਰਾਂ ਮੁਤਾਬਕ ਘਟਨਾ ਸਥਾਨ ਤੋਂ ਬਾਲ ਬੇਅਰਿੰਗ ਮਿਲੇ ਹਨ ਤੇ ਧਮਾਕੇ ਦਾ ਪ੍ਰਭਾਵ 20-25 ਮੀਟਰ ਤੱਕ ਮਹਿਸੂਸ ਕੀਤਾ ਗਿਆ। ਧਮਾਕੇ ਵਾਲੀ ਥਾਂ ਤੋਂ ਇਜ਼ਰਾਇਲੀ ਦੂਤਾਵਾਸ ਦੇ ਨਾਂ ਇਕ ਲਿਫ਼ਾਫ਼ਾ ਬਰਾਮਦ ਕੀਤਾ ਗਿਆ ਹੈ। ਲਿਫ਼ਾਫ਼ੇ ਵਿਚ ਇਕ ਨੋਟ ਹੈ।
ਦਿੱਲੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਆਈਈਡੀ ਏਪੀਜੇ ਅਬਦੁਲ ਕਲਾਮ ਮਾਰਗ ’ਤੇ ਜਿੰਦਲ ਹਾਊਸ ਨੇੜੇ ਫੁੱਲਾਂ ਦੇ ਗਮਲੇ ਵਿਚ ਰੱਖਿਆ ਗਿਆ ਸੀ। ਦੱਸਣਯੋਗ ਹੈ ਕਿ ਸ਼ੁੱਕਰਵਾਰ ਹੀ ਭਾਰਤ ਤੇ ਇਜ਼ਰਾਈਲ ਨੇ ਆਪਣੇ ਕੂਟਨੀਤਕ ਰਿਸ਼ਤੇ ਸਥਾਪਿਤ ਹੋਣ ਦੀ 29ਵੀਂ ਵਰ੍ਹੇਗੰਢ ਮਨਾਈ ਹੈ। -ਪੀਟੀਆਈ
ਹਮਲੇ ਬਾਰੇ ਚਿਤਾਵਨੀ ਮਿਲੀ ਸੀ: ਰਾਜਦੂਤ
ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਰੌਨ ਮਲਕਾ ਨੇ ਕਿਹਾ ਕਿ ਇਸ ਗੱਲ ’ਤੇ ਯਕੀਨ ਕਰਨ ਦੇ ਕਈ ਕਾਰਨ ਹਨ ਕਿ ਇਹ ਅਤਿਵਾਦੀ ਹਮਲਾ ਹੈ। ਪਰ ਉਹ ਹੈਰਾਨ ਨਹੀਂ ਹਨ ਕਿਉਂਕਿ ਖ਼ੁਫ਼ੀਆ ਜਾਣਕਾਰੀਆਂ ਦੇ ਆਧਾਰ ’ਤੇ ਪਿਛਲੇ ਕਈ ਹਫ਼ਤਿਆਂ ਤੋਂ ਉੱਚ ਦਰਜੇ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਜ਼ਰਾਇਲੀ ਅਥਾਰਿਟੀ ਤੇ ਦੂਤਾਵਾਸ ਭਾਰਤੀ ਅਥਾਰਿਟੀ ਨੂੰ ਜਾਂਚ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇ ਰਿਹਾ ਹੈ। ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਕੁਝ ਲੋਕਾਂ ਤੋਂ ਇਸ ਮਾਮਲੇ ’ਚ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਕੁਝ ਇਰਾਨੀ ਨਾਗਰਿਕ ਵੀ ਸ਼ਾਮਲ ਹਨ। -ਪੀਟੀਆਈ