ਨਵੀਂ ਦਿੱਲੀ, 15 ਅਕਤੂਬਰ
ਅਡਾਨੀ ਪੋਰਟ ਵੱਲੋਂ ਇਰਾਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਸਮੁੰਦਰੀ ਮਾਰਗ ਰਾਹੀਂ ਕੋਈ ਵੀ ਸਾਮਾਨ ਨਾ ਲਿਆਉਣ ਦੇ ਫ਼ੈਸਲੇ ’ਤੇ ਇਰਾਨ ਨੇ ਭਾਰਤ ਕੋਲ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ। ਪਿਛਲੇ ਮਹੀਨੇ ਮੂੰਦੜਾ ਬੰਦਰਗਾਹ ’ਤੇ ਕਰੀਬ ਤਿੰਨ ਹਜ਼ਾਰ ਕਿਲੋਗ੍ਰਾਮ ਹੈਰੋਇਨ ਦੀ ਬਰਾਮਦਗੀ ਮਗਰੋਂ ਅਡਾਨੀ ਪੋਰਟ ਨੇ ਇਹ ਫ਼ੈਸਲਾ ਲਿਆ ਹੈ। ਇਰਾਨ ਨੇ ਕਿਹਾ ਹੈ ਕਿ ਨਸ਼ਿਆਂ ਦੀ ਤਸਕਰੀ ਖ਼ਿਲਾਫ਼ ਜੰਗ ’ਚ ਸੰਯੁਕਤ ਰਾਸ਼ਟਰ ਨੇ ਉਸ ਦੀ ਸ਼ਲਾਘਾ ਕੀਤੀ ਹੈ ਪਰ ਇਰਾਨ ਦੇ ਵਪਾਰ ਅਤੇ ਸਾਮਾਨ ’ਤੇ ਪਾਬੰਦੀ ਲਾ ਕੇ ਉਸ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਰਾਨੀ ਸਫ਼ਾਰਤਖਾਨੇ ਨੇ ਇਸ ਮਾਮਲੇ ’ਤੇ ਬਿਆਨ ਜਾਰੀ ਕੀਤਾ ਹੈ ਪਰ ਉਨ੍ਹਾਂ ਅਡਾਨੀ ਪੋਰਟ ਦਾ ਸਿੱਧੇ ਤੌਰ ’ਤੇ ਕੋਈ ਜ਼ਿਕਰ ਨਹੀਂ ਕੀਤਾ ਹੈ। ਅਡਾਨੀ ਪੋਰਟ ਅਤੇ ਸੇਜ਼ ਲਿਮਟਿਡ ਨੇ ਸੋਮਵਾਰ ਨੂੰ ਕਿਹਾ ਹੈ ਕਿ ਉਹ 15 ਨਵੰਬਰ ਤੋਂ ਇਰਾਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਕੋਈ ਵੀ ਕੰਟੇਨਰ ਹਾਸਲ ਨਹੀਂ ਕਰੇਗਾ। ਮੰਨਿਆ ਜਾ ਰਿਹਾ ਹੈ ਕਿ ਅਡਾਨੀ ਗਰੁੱਪ ਦੇ ਇਸ ਕਦਮ ’ਤੇ ਨਾਖੁਸ਼ੀ ਜਤਾਉਂਦਿਆਂ ਇਰਾਨ ਦੇ ਅਧਿਕਾਰੀਆਂ ਨੇ ਇਹ ਮੁੱਦਾ ਭਾਰਤੀ ਨਾਰਕੋਟਿਕਸ ਡਰੱਗ ਕੰਟਰੋਲ ਦੇ ਅਧਿਕਾਰੀਆਂ ਕੋਲ ਉਠਾਇਆ ਹੈ। ਇਰਾਨੀ ਸਫ਼ਾਰਤਖਾਨੇ ਨੇ ਕਿਹਾ ਕਿ ਗੱਲਬਾਤ ਨਸ਼ਿਆਂ ਦੀ ਤਸਕਰੀ ਖ਼ਿਲਾਫ਼ ਜੰਗ ’ਚ ਆਪਸੀ ਸਹਿਯੋਗ ’ਤੇ ਕੇਂਦਰਿਤ ਸੀ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ’ਤੇ ਵਿਦੇਸ਼ੀ ਤਾਕਤਾਂ ਦੇ ਕਬਜ਼ੇ, ਵੱਖ ਵੱਖ ਗੁੱਟਾਂ ’ਚ ਜੰਗ ਅਤੇ ਗਰੀਬੀ ਨੇ ਉਥੇ ਨਸ਼ਿਆਂ ਦੇ ਉਤਪਾਦਨ ’ਚ ਯੋਗਦਾਨ ਪਾਇਆ। ਅਫ਼ਗਾਨਿਸਤਾਨ ਕਰਕੇ ਇਰਾਨ ਨੂੰ ਵੀ ਨਸ਼ਿਆਂ ਕਾਰਨ ਵੱਡਾ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਰਾਨ 40 ਸਾਲ ਤੋਂ ਵੱਧ ਸਮੇਂ ਤੱਕ ਕਈ ਵਪਾਰ ਰੋਕਾਂ ਅਤੇ ਗੈਰਵਾਜਬ ਪਾਬੰਦੀਆਂ ਦਾ ਸਾਹਮਣਾ ਕਰਦਾ ਆ ਰਿਹਾ ਹੈ। -ਪੀਟੀਆਈ