ਨਵੀਂ ਦਿੱਲੀ, 3 ਨਵੰਬਰ
ਸੁਪਰੀਮ ਕੋਰਟ ਨੇ ਜਸਟਿਸ (ਸੇਵਾਮੁਕਤ) ਐੱਲਐੱਨ ਰਾਓ ਕਮੇਟੀ ਵੱਲੋਂ ਦਿੱਤੀ ਸਿਫਾਰਸ਼ ਨੂੰ ਮਨਜ਼ੂਰ ਕਰਦਿਆਂ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਕਾਰਜਕਾਰਨੀ ਕਮੇਟੀ ਦੀਆਂ ਚੋਣਾਂ 10 ਦਸੰਬਰ ਨੂੰ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਜਸਟਿਸ ਡੀ.ਵਾਈ ਚੰਦਰਚੂੜ ਅਤੇ ਹਿਮਾ ਕੋਹਲੀ ਨੇ ਨਿਯਮਾਂ ਅਨੁਸਾਰ ਆਈਓਏ ਦੇ ਮੈਂਬਰਾਂ ਨੂੰ ਸੋਧੇ ਹੋਏ ਸੰਵਿਧਾਨ ਦਾ ਖਰੜਾ ਵੰਡਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ ਤਾਂ ਕਿ 10 ਨਵੰਬਰ ਨੂੰ ਹੋਣ ਵਾਲੀ ਜਨਰਲ ਬਾਡੀ ਦੀ ਮੀਟਿੰਗ ਵਿੱਚ ਇਸ ਨੂੰ ਮਨਜ਼ੂਰੀ ਦਿੱਤੀ ਜਾ ਸਕੇ। ਬੈਂਚ ਨੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੇ ਜਸਟਿਸ ਰਾਓ ਲਈ 20 ਲੱਖ ਰੁਪਏ ਦਾ ਮਿਹਨਤਾਨਾ ਵੀ ਤੈਅ ਕੀਤਾ ਅਤੇ ਕਿਹਾ ਕਿ ਉਹ ਆਈਓਏ ਦੇ ਮੈਂਬਰਾਂ ਵਿੱਚ ਖਰੜਾ ਵੰਡਣ ਲਈ ਰੂਪ-ਰੇਖਾ ਵੀ ਤਿਆਰ ਕਰਨਗੇ। ਅਦਾਲਤ ਨੇ ਦੇਸ਼ ਭਰ ਦੀਆਂ ਅਦਾਲਤਾਂ ਨੂੰ ਸੰਵਿਧਾਨ ਦੇ ਖਰੜੇ ਜਾਂ ਕਾਰਜਕਾਰੀ ਕਮੇਟੀ ਦੀ ਪ੍ਰਸਤਾਵਿਤ ਚੋਣ ਸਬੰਧੀ ਕੋਈ ਵੀ ਪਟੀਸ਼ਨ ਵਿਚਾਰਨ ਤੋਂ ਵੀ ਰੋਕ ਦਿੱਤਾ ਹੈ। ਜ਼ਿਕਰਯੋਗ ਹੈ ਕਿ 10 ਅਕਤੂਬਰ ਨੂੰ ਅਦਾਲਤ ਨੇ 3 ਦਸੰਬਰ ਨੂੰ ਹੋਣ ਵਾਲੀਆਂ ਆਈਓਏ ਦੀਆਂ ਚੋਣਾਂ ’ਤੇ ਰੋਕ ਲਗਾ ਦਿੱਤੀ ਸੀ। -ਪੀਟੀਆਈ