ਨਵੀਂ ਦਿੱਲੀ, 9 ਜੁਲਾਈ
ਮਹਿੰਗਾਈ ਦੇ ਮੌਜੂਦਾ ਵਿੱਤੀ ਵਰ੍ਹੇ ਦੇ ਦੂਜੇ ਅੱਧ ’ਚ ਘਟਣ ਦਾ ਭਰੋਸਾ ਜਤਾਉਂਦਿਆਂ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਮਹਿੰਗਾਈ ’ਤੇ ਨੱਥ ਪਾਉਣ ਲਈ ਕੇਂਦਰੀ ਬੈਂਕ ਵੱਲੋਂ ਆਰਥਿਕ ਕਦਮ ਉਠਾਏ ਜਾਂਦੇ ਰਹਿਣਗੇ। ਕੌਟਲਿਆ ਆਰਥਿਕ ਸੰਮੇਲਨ ਦੇ ਉਦਘਾਟਨ ਮੌਕੇ ਆਪਣੇ ਸੰਬੋਧਨ ’ਚ ਦਾਸ ਨੇ ਕਿਹਾ ਕਿ ਮਹਿੰਗਾਈ ਦੇਸ਼ ਦੇ ਆਰਥਿਕ ਅਦਾਰਿਆਂ ’ਚ ਲੋਕਾਂ ਦੇ ਭਰੋਸੇ ਦਾ ਮਾਪਦੰਡ ਹੈ। ਗਵਰਨਰ ਨੇ ਕਿਹਾ,‘‘ਕੁਲ ਮਿਲਾ ਕੇ ਇਸ ਸਮੇਂ ਸਪਲਾਈ ਠੀਕ ਦਿਖਾਈ ਦੇ ਰਹੀ ਹੈ ਅਤੇ ਕਈ ਹਲਕੇ 2022-23 ਦੀ ਪਹਿਲੀ ਤਿਮਾਹੀ ’ਚ ਸੁਧਾਰ ਵੱਲ ਸੰਕੇਤ ਕਰ ਰਹੇ ਹਨ। ਅਜਿਹੇ ’ਚ ਸਾਡਾ ਅੰਦਾਜ਼ਾ ਹੈ ਕਿ ਦੂਜੀ ਛਮਾਹੀ ’ਚ ਮਹਿੰਗਾਈ ਹੌਲੀ-ਹੌਲੀ ਘੱਟ ਹੋ ਸਕਦੀ ਹੈ।’’ ਉਨ੍ਹਾਂ ਕਿਹਾ ਕਿ ਥੋੜ੍ਹੇ ਸਮੇਂ ’ਚ ਮਹਿੰਗਾਈ ਦਾ ਅਸਰ ਪੈ ਸਕਦਾ ਹੈ ਪਰ ਦਰਮਿਆਨੇ ਸਮੇਂ ’ਚ ਇਹ ਮੁਦਰਾ ਨੀਤੀ ਮੁਤਾਬਕ ਤੈਅ ਹੋਵੇਗੀ। ‘ਇਸ ਲਈ ਮੁਦਰਾ ਨੀਤੀ ਨੂੰ ਮਹਿੰਗਾਈ ’ਤੇ ਨੱਥ ਪਾਉਣ ਲਈ ਸਮੇਂ ਸਿਰ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਅਰਥਚਾਰੇ ਨੂੰ ਮਜ਼ਬੂਤ ਹਾਲਤ ਅਤੇ ਸਥਾਈ ਵਿਕਾਸ ਦੇ ਰਾਹ ’ਤੇ ਕਾਇਮ ਰੱਖਿਆ ਜਾ ਸਕੇ।’ ਉਨ੍ਹਾਂ ਕਿਹਾ ਕਿ ਮੁਦਰਾ ਨੀਤੀ ਕਮੇਟੀ ਨੇ ਅਪਰੈਲ ਅਤੇ ਜੂਨ ਦੀਆਂ ਮੀਟਿੰਗਾਂ ’ਚ 2022-23 ਲਈ ਮਹਿੰਗਾਈ ਦਰ ਦੇ ਅੰਦਾਜ਼ੇ ਨੂੰ ਸੋਧ ਕੇ 6.7 ਫ਼ੀਸਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭੂ-ਸਿਆਸੀ ਹਾਲਾਤ ਕਾਰਨ ਖੁਰਾਕੀ ਵਸਤਾਂ ਦੀਆਂ ਕੀਮਤਾਂ ’ਤੇ ਪਏ ਅਸਰ ਕਾਰਨ ਰੈਪੋ ਦਰ ਵਧਾਈ ਗਈ ਸੀ। -ਪੀਟੀਆਈ
ਵਧਦੀ ਮਹਿੰਗਾਈ ’ਤੇ ਰਾਹੁਲ ਨੇ ਮੋਦੀ ਉਤੇ ਨਿਸ਼ਾਨਾ ਸੇਧਿਆ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਵਿਅੰਗ ਕਸਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਭਾਜਪਾ ਦੇ ਰਾਜ ਵਿਚ ਪੈਟਰੋਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਧਣ ਦੇ ਨਾਲ ਹੀ ‘ਗੱਬਰ ਸਿੰਘ ਟੈਕਸ’ ਦੀ ਲੁੱਟ ਤੇ ਬੇਰੁਜ਼ਗਾਰੀ ਦੀ ਸੁਨਾਮੀ ਆ ਗਈ ਹੈ। ਰਾਹੁਲ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੇ ਕਿਹਾ- 133 ਕਰੋੜ ਭਾਰਤੀ ਹਰ ਅੜਿੱਕੇ ਨੂੰ ਕਹਿ ਰਹੇ ਹਨ ਕਿ ਦਮ ਹੈ ਤਾਂ ਸਾਨੂੰ ਰੋਕੋ। ਭਾਜਪਾ ਰਾਜ ਵਿਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ 157 ਪ੍ਰਤੀਸ਼ਤ ਵਧੀਆਂ, ਰਿਕਾਰਡ-ਤੋੜ ਮਹਿੰਗਾ ਪੈਟਰੋਲ, ਗੱਬਰ ਸਿੰਘ ਟੈਕਸ ਦੀ ਲੁੱਟ ਤੇ ਬੇਰੁਜ਼ਗਾਰੀ ਦੀ ਸੁਨਾਮੀ ਆਈ।’ ਕਾਂਗਰਸ ਨੇਤਾ ਨੇ ਅੱਗੇ ਲਿਖਿਆ, ‘ਅਸਲ ਵਿਚ ਜਨਤਾ ਪ੍ਰਧਾਨ ਮੰਤਰੀ ਨੂੰ ਕਹਿ ਰਹੀ ਹੈ- ਤੁਹਾਡੇ ਬਣਾਏ ਇਨ੍ਹਾਂ ਅੜਿੱਕਿਆਂ ਨੇ ਦਮ ਕੱਢ ਦਿੱਤਾ ਹੈ, ਹੁਣ ਬੱਸ ਕਰੋ।’ -ਪੀਟੀਆਈ