ਨਵੀਂ ਦਿੱਲੀ, 16 ਅਗਸਤ
ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਮਹਿੰਗਾਈ ਦੋ ਤੋਂ ਛੇ ਫੀਸਦੀ ਦੇ ਨਿਰਧਾਰਤ ਦਾਇਰੇ ਹੇਠ ਰਹੇਗੀ। ਰਿਜ਼ਰਵ ਬੈਂਕ ਨੂੰ ਮਹਿੰਗਾਈ ਦਰ ਚਾਰ ਫੀਸਦੀ ਰੱਖਣ ਲਈ ਕਿਹਾ ਗਿਆ ਹੈ ਪਰ ਇਸ ਦੇ ਨਾਲ ਹੀ ਦੋ ਫੀਸਦੀ ਦੇ ਘਾਟੇ ਵਾਧੇ ਦੀ ਗੁੰਜਾਇਸ਼ ਵੀ ਰੱਖੀ ਗਈ ਹੈ। ਵਿੱਤ ਮੰਤਰੀ ਨੇ ਆਗਾਮੀ ਮਹੀਨਿਆਂ ਦੌਰਾਨ ਮਾਲੀਏ ਵਿੱਚ ਸੁਧਾਰ ਹੋਣ ਦੀ ਉਮੀਦ ਜਤਾਈ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਮਹੀਨਿਆਂ ਵਿੱਚ ਜੀਐਸਟੀ ਅਤੇ ਡਾਇਰੈਕਟ ਟੈਕਸ ਦੋਵਾਂ ਵਿੱਚ ਸੁਧਾਰ ਹੋਇਆ ਹੈ। ਇਸੇ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਨਵੇਂ ਇਨਕਮ ਟੈਕਸ ਈ ਫਾਇਲਿੰਗ ਪੋਰਟਲ ਵਿਚਲੀਆਂ ਤਕਨੀਆਂ ਖਾਮੀਆਂ ਨੂੰ ਅਗਲੇ ਹਫ਼ਤੇ ਤਕ ਠੀਕ ਕਰ ਲਿਆ ਜਾਵੇਗਾ। ਉਹ ਇਸ ਸਬੰਧੀ ਇੰਫੋਸਿਸ ਨੂੰ ਲਗਾਤਾਰ ਦੱਸ ਰਹੇ ਹਨ। -ਏਜੰਸੀ