ਨਵੀਂ ਦਿੱਲੀ, 30 ਸਤੰਬਰ
ਪੂਰਬੀ ਲੱਦਾਖ ਵਿੱਚ ਪਿਛਲੇ ਪੰਜ ਮਹੀਨਿਆਂ ਤੋਂ ਕੰਟਰੋਲ ਰੇਖਾ ਦੇ ਨਾਲ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਜਾਰੀ ਤਣਾਅ ਨੂੰ ਘਟਾਉਣ ਲਈ ਫੌਜੀ ਤੇ ਸਫ਼ਾਰਤੀ ਪੱਧਰ ’ਤੇ ਜਾਰੀ ਯਤਨਾਂ ਦਰਮਿਆਨ ਭਾਰਤ ਤੇ ਚੀਨ ਨੇ ਅੱਜ ਕਿਹਾ ਕਿ ਉਹ ਪਿਛਲੇ ਦਿਨੀਂ ਹੋਈ ਫੌਜੀ ਪੱਧਰ ਦੀ 6ਵੇਂ ਗੇੜ ਦੀ ਗੱਲਬਾਤ ਦੇ ਸਿੱਟਿਆਂ ਦੀ ‘ਸਕਾਰਾਤਮਕ ਨਜ਼ਰੀਏ’ ਤੋਂ ਸਮੀਖਿਆ ਕਰਨਗੇ। ਦੋਵਾਂ ਮੁਲਕਾਂ ਨੇ ਕਿਹਾ ਕਿ ਉਹ ਗ਼ਲਤ ਫ਼ਹਿਮੀਆਂ ਨੂੰ ਦੂਰ ਕਰਨ ਤੇ ਜ਼ਮੀਨੀ ਪੱਧਰ ’ਤੇ ਸਥਿਰਤਾ ਬਰਕਰਾਰ ਰੱਖਣ ਲਈ ਇਨ੍ਹਾਂ ਸਿੱਟਿਆਂ ਨੂੰ ਅਮਲ ਵਿੱਚ ਲਿਆਉਣ ਲਈ ਜ਼ੋਰ ਲਾਉਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਲਾਹ ਮਸ਼ਵਰੇ ਤੇ ਸਹਿਯੋਗ ਬਾਰੇ ਕਾਰਜਸ਼ੀਲ ਚੌਖਟੇ ਤਹਿਤ ਦੋਵਾਂ ਮੁਲਕਾਂ ਦੇ ਸਫ਼ੀਰਾਂ ਦੀ ਵਰਚੁਅਲ ਗੱਲਬਾਤ ਦੌਰਾਨ ਸੀਨੀਅਰ ਫੌਜੀ ਕਮਾਂਡਰਾਂ ਦਰਮਿਆਨ ਅਗਲੇ ਗੇੜ ਦੀ ਗੱਲਬਾਤ ਜਲਦੀ ਹੀ ਕਰਨ ਬਾਰੇ ਸਹਿਮਤੀ ਬਣੀ ਹੈ। -ਪੀਟੀਆਈ