ਨਵੀਂ ਦਿੱਲੀ, 22 ਜੂਨ
ਪਿਛਲੇ ਹਫ਼ਤੇ ਗਲਵਾਨ ਘਾਟੀ ਵਿੱਚ ਹੋਈ ਹਿੰਸਕ ਝੜੱਪ ਮਗਰੋਂ ਭਾਰਤ ਤੇ ਚੀਨ ਦੀਆਂ ਫੌਜਾਂ ਨੇ ਅਸਲ ਕੰਟਰੋਲ ਰੇਖਾ (ਐੱਲਏਸੀ) ਤੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿੱਚ ਬਣੀ ਤਲਖੀ ਨੂੰ ਘਟਾਉਣ ਦੇ ਇਰਾਦੇ ਨਾਲ ਅੱਜ ਲੈਫਟੀਨੈਂਟ ਪੱਧਰ ਦੇ ਅਧਿਕਾਰੀਆਂ ਦੀ ਦੂਜੇ ਗੇੜ ਦੀ ਗੱਲਬਾਤ ਕੀਤੀ। 15 ਜੂਨ ਦੀ ਰਾਤ ਨੂੰ ਦੋਵਾਂ ਮੁਲਕਾਂ ਦੇ ਸੁਰੱਖਿਆ ਦਸਤਿਆਂ ਵਿੱਚ ਹੋਏ ਹਿੰਸਕ ਟਕਰਾਅ ਵਿੱਚ 20 ਭਾਰਤੀ ਫੌਜੀਆਂ ਦੀ ਜਾਨ ਜਾਂਦੀ ਰਹੀ ਸੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਚੀਨ ਵਾਲੇ ਪਾਸੇ ਚੁਸ਼ੁਲ ਸੈਕਟਰ ਦੇ ਮੋਲਡੋ ਵਿੱਚ ਸਵੇਰੇ ਸਾਢੇ ਗਿਆਰਾਂ ਵਜੇ ਦੇ ਕਰੀਬ ਦੋਵਾਂ ਮੁਲਕਾਂ ਦੇ ਫੌਜੀ ਅਧਿਕਾਰੀ ਇਕ ਦੂਜੇ ਨੂੰ ਮਿਲੇ। ਮੀਟਿੰਗ ਦੌਰਾਨ ਹੋਈ ਗੱਲਬਾਤ ਦੇ ਵੇਰਵਿਆਂ ਬਾਰੇ ਭਾਵੇਂ ਅਜੇ ਤਕ ਕੁਝ ਵੀ ਸਪਸ਼ਟ ਨਹੀਂ, ਪਰ ਸੂਤਰਾਂ ਮੁਤਾਬਕ ਭਾਰਤੀ ਫੌਜ ਨੇ ਭਰੋਸਾ ਬਹਾਲੀ ਦੇ ਉਪਰਾਲਿਆਂ ਸਮੇਤ 6 ਜੂਨ ਨੂੰ ਹੋਈ ਲੈਫਟੀਨੈਂਟ ਜਨਰਲ ਪੱਧਰ ਦੀ ਪਹਿਲੇ ਗੇੜ ਦੀ ਗੱਲਬਾਤ ਦੌਰਾਨ ਬਣੀ ਸਹਿਮਤੀ ਤੇ ਸਮਝੌਤੇ ਨੂੰ ਅਮਲ ਵਿੱਚ ਲਿਆਉਣ ’ਤੇ ਜ਼ੋਰ ਦਿੱਤਾ। ਸੂਤਰਾਂ ਮੁਤਾਬਕ ਭਾਰਤੀ ਫੌਜ ਜ਼ੋਰ ਪਾਏਗੀ ਕਿ ਫੌਜਾਂ ਐੱਲਏਸੀ ਦੇ ਨਾਲ ਵੱਖ ਵੱਖ ਥਾਈਂ ਟਕਰਾਅ ਸ਼ੁਰੂ ਹੋਣ ਤੋਂ ਪਹਿਲਾਂ ਅਪਰੈਲ ਮਹੀਨੇ ਵਾਲੀਆਂ ਆਪਣੀ ਲੋਕੇਸ਼ਨਾਂ ’ਤੇ ਪਰਤ ਜਾਣ। ਸੂਤਰਾਂ ਮੁਤਾਬਕ ਗੱਲਬਾਤ ਜਾਰੀ ਹੈ, ਪਰ ਹਾਲ ਦੀ ਘੜੀ ਕੰਟਰੋਲ ਰੇਖਾ ਦੇ ਨਾਲ ਤਾਇਨਾਤ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ ਪਿੱਛੇ ਹਟਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਭਾਰਤੀ ਵਫ਼ਦ ਦੀ ਅਗਵਾਈ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ ਜਦੋਂਕਿ ਚੀਨ ਵੱਲੋਂ ਦੱਖਣੀ ਸ਼ਿਨਜ਼ਿਆਂਗ ਫੌਜੀ ਜ਼ਿਲ੍ਹੇ ਦੇ ਮੁਖੀ ਮੇਜਰ ਜਨਰਲ ਲਿਉ ਲਿਨ ਦੀ ਅਗਵਾਈ ਵਾਲੀ ਟੀਮ ਨੇ ਸ਼ਿਰਕਤ ਕੀਤੀ। 15 ਜੂਨ ਨੂੰ ਹੋਈ ਹਿੰਸਕ ਝੜੱਪ ਮਗਰੋਂ ਦੋਵੇਂ ਧਿਰਾਂ ਕਸ਼ੀਦਗੀ ਨੂੰ ਘਟਾਉਣ ਲਈ ਮੇਜਰ ਜਨਰਲ ਪੱਧਰ ਦੀ ਘੱਟੋ-ਘੱਟ ਤਿੰਨ ਗੇੜਾਂ ਦੀ ਗੱਲਬਾਤ ਕਰ ਚੁੱਕੀਆਂ ਹਨ। ਪੈਂਗੌਂਗ ਝੀਲ ਖੇਤਰ ਵਿੱਚ ਭਾਰਤ ਵਾਲੇ ਪਾਸੇ ਚੀਨੀ ਫੌਜੀਆਂ ਦੀ ਵੱਡੀ ਗਿਣਤੀ ’ਚ ਮੌਜੂਦਗੀ ਭਾਰਤ ਤੇ ਚੀਨ ਵਿਚ ਅਸਲ ਕੰਟਰੋਲ ਰੇਖਾ ’ਤੇ ਜਾਰੀ ਮੌਜੂਦਾ ਤਲਖੀ ਦੇ ਸੰਭਾਈ ਹੱਲ ਵਿੱਚ ਸਭ ਤੋਂ ਵੱਡਾ ਅੜਿੱਕਾ ਹੈ। ਚੀਨ ਨੇ ਫਿੰਗਰ 4 ਤੇ 8, ਜੋ ਬੀਤੇ ਵਿੱਚ ਗ੍ਰੇਅ ਜ਼ੋਨ ਖੇਤਰ ਰਿਹਾ ਹੈ, ਵਿਚਾਏ ਕਈ ਥਾਈਂ ਆਪਣੀਆਂ ਸੁਰੱਖਿਆ ਚੌਕੀਆਂ ਸਥਾਪਤ ਕੀਤੀਆਂ ਹਨ। ਚੀਨ ਲਗਾਤਾਰ ਪੈਂਗੌਗ ਝੀਲ ਖੇਤਰ ਵਿੱਚ ਮੌਜੂਦਾ ਸਥਿਤੀ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕਰਦਾ ਆ ਰਿਹਾ ਹੈ। ਭਾਰਤ ਨੇ ਵੀ ਹੋਟ ਸਪਰਿੰਗਜ਼, ਡੈਮਚੋਕ, ਕੋਯੁਲ, ਫੁਕਚੇ, ਡੈਪਸਾਂਗ, ਮੁਰਗੋ ਤੇ ਗਲਵਾਨ ਘਾਟੀ ’ਚ ਨਫ਼ਰੀ ਵਧਾ ਦਿੱਤੀ ਹੈ। ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਲੰਘੇ ਬੁੱਧਵਾਰ ਨੂੰ ਆਪਣੇ ਚੀਨੀ ਹਮਰੁਤਬਾ ਨਾਲ ਫੋਨ ’ਤੇ ਕੀਤੀ ਗੱਲਬਾਤ ਦੌਰਾਨ ਹਿੰਸਕ ਝੜਪਾਂ ਨੂੰ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ ਵੱਲੋਂ ਕੀਤੀ ‘ਸੋਚੀ ਸਮਝੀ’ ਕਾਰਵਾਈ ਦੱਸਿਆ ਸੀ। ਹਿੰਸਕ ਟਕਰਾਅ ਮਗਰੋਂ ਸਰਕਾਰ ਨੇ ਹਥਿਆਰਬੰਦ ਬਲਾਂ ਨੂੰ ਚੀਨ ਦੀ ਕਿਸੇ ਵੀ ਹਿਮਾਕਤ ਤੇ ਹਮਲਾਵਰ ਰੁਖ਼ ਦਾ ‘ਮੂੰਹ-ਤੋੜ’ ਜਵਾਬ ਦੇਣ ਦੀ ਪੂਰੀ ਖੁੱਲ੍ਹ ਦੇ ਦਿੱਤੀ ਹੈ। ਇਹੀ ਨਹੀਂ ਭਾਰਤ ਨੇ ਅਸਲ ਕੰਟਰੋਲ ਰੇਖਾ ’ਤੇ ਫ਼ੌਜ ਦੀ ਨਫ਼ਰੀ ਵਧਾਉਣ ਦੇ ਨਾਲ ਹੀ ਲੇਹ ਤੇ ਸ੍ਰੀਨਗਰ ਸਮੇਤ ਆਪਣੇ ਅਹਿਮ ਸੈਨਿਕ ਹਵਾਈ ਅੱਡਿਆਂ ’ਤੇ ਮੂਹਰਲੀ ਕਤਾਰ ਦੇ ਜੰਗ ਜਹਾਜ਼ਾਂ ਸੁਖੋਈ 30 ਐੱਮਕੇਆਈ, ਜੈਗੁਆਰ, ਮਿਰਾਜ 2000 ਤੇ ਅਪਾਚੇ ਹੈਲੀਕਾਪਟਰਾਂ ਦੀ ਤਾਇਨਾਤੀ ਕਰ ਦਿੱਤੀ ਹੈ। ਉਧਰ ਚੀਨ ਨੇ ਵੀ ਸ਼ਿਨਜ਼ਿਆਂਗ, ਨਗਯਾਰੀ ਤੇ ਸ਼ੀਗਾਟਸੇ ’ਚ ਜੰਗੀ ਜਹਾਜ਼ਾਂ ਤੇ ਹੈਲੀਕਾਪਟਰਾਂ ਦੀ ਨਫ਼ਰੀ ਵਧਾ ਦਿੱਤੀ ਹੈ।
-ਪੀਟੀਆਈ/ਆਈਏਐੱਨਐੱਸ
ਜਵਾਨਾਂ ਤੇ ਜ਼ਮੀਨ ਦੇ ਨੁਕਸਾਨ ਮਗਰੋਂ ਵੀ ਚੀਨ ਮੋਦੀ ਦੀ ਸ਼ਲਾਘਾ ਕਿਉਂ ਕਰ ਰਿਹੈ: ਰਾਹੁਲ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਮੁੜ ਹੱਲਾ ਬੋਲਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਸਵਾਲ ਕੀਤਾ ਕਿ ‘ਚੀਨ ਇਸ ਟਕਰਾਅ ਦੌਰਾਨ ਕਿਉਂ ਮੋਦੀ ਦੀ ਸਿਫ਼ਤ ਕਰ ਰਿਹਾ ਹੈ?’ ਰਾਹੁਲ ਨੇ ਕਿਹਾ ਕਿ ਚੀਨ ਨੇ ‘ਸਾਡੇ ਜਵਾਨ ਸ਼ਹੀਦ ਕੀਤੇ। ਸਾਡੀ ਜ਼ਮੀਨ ਲੈ ਲਈ। ਫਿਰ ਚੀਨ ਹੁਣ ਮੋਦੀ ਦੀ ਸ਼ਲਾਘਾ ਕਿਉਂ ਕਰ ਰਿਹਾ ਹੈ।’ ਟਵੀਟ ਕਰਦਿਆਂ ਰਾਹੁਲ ਗਾਂਧੀ ਨੇ ਇਕ ਰਿਪੋਰਟ (ਖ਼ਬਰ) ਟੈਗ ਕੀਤੀ ਜਿਸ ਵਿਚ ਚੀਨੀ ਮੀਡੀਆ ਸਰਬ-ਪਾਰਟੀ ਮੀਟਿੰਗ ਦੌਰਾਨ ਮੋਦੀ ਵੱਲੋਂ ਦਿੱਤੇ ਭਾਸ਼ਣ ਦੀ ਸਿਫ਼ਤ ਕਰ ਰਿਹਾ ਹੈ। ਸਰਬ-ਪਾਰਟੀ ਮੀਟਿੰਗ ਲੱਦਾਖ ਦੀ ਸਥਿਤੀ ਬਾਰੇ ਹੋਈ ਸੀ। ਟਵੀਟ ਤੋਂ ਪਹਿਲਾਂ ਰਾਹੁਲ ਨੇ ਲੱਦਾਖ ਟਕਰਾਅ ਬਾਰੇ ਮਨਮੋਹਨ ਸਿੰਘ ਦਾ ਇਕ ਬਿਆਨ ਵੀ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਮਹੱਤਵਪੂਰਨ ਸੁਝਾਅ ਦਿੱਤਾ ਹੈ ਤੇ ਆਸ ਹੈ ਕਿ ਦੇਸ਼ ਹਿੱਤ ਵਿਚ ਮੋਦੀ ਇਸ ਨੂੰ ‘ਨਿਮਰਤਾ’ ਨਾਲ ਸਵੀਕਾਰ ਕਰਨਗੇ।
-ਪੀਟੀਆਈ
ਚੀਨ ਆਖ਼ਰ ਮੰਨਿਆ; ਹਿੰਸਕ ਝੜਪ ’ਚ 20 ਤੋਂ ਘੱਟ ਫੌਜੀ ਜਵਾਨ ਮਰੇ
ਨਵੀਂ ਦਿੱਲੀ: ਭਾਰਤੀ ਮੀਡੀਆ ’ਚ ਨਸ਼ਰ ਰਿਪੋਰਟਾਂ ਕਿ ਭਾਰਤ ਨੇ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਨੂੰ 16 ਚੀਨੀ ਫੌਜੀਆਂ ਦੀਆਂ ਮ੍ਰਿਤਕ ਦੇਹਾਂ ਸੌਂਪੀਆਂ ਹਨ, ਤੋਂ ਇਕ ਦਿਨ ਮਗਰੋਂ ਚੀਨ ਨੇ ਅੱਜ ਮੰਨਿਆ ਕਿ ਪਿਛਲੇ ਹਫ਼ਤੇ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਦੇ ਨਾਲ ਭਾਰਤੀ ਫੌਜ ਨਾਲ ਹੋਈ ਹਿੰਸਕ ਝੜਪ ਵਿੱਚ ਉਹਦੇ ‘20 ਤੋਂ ਘੱਟ’ ਜਵਾਨ ਲਾਪਤਾ ਹੋ ਗਏ ਸਨ। ਕਾਬਿਲੇਗੌਰ ਹੈ ਕਿ 15 ਜੂਨ ਦੀ ਰਾਤ ਨੂੰ ਹੋਏ ਹਿੰਸਕ ਟਕਰਾਅ ਮਗਰੋਂ ਭਾਰਤ ਨੇ ਜਿੱਥੇ ਆਪਣੇ 20 ਫੌਜੀਆਂ ਦੇ ਸ਼ਹੀਦ ਹੋਣ ਦਾ ਅਧਿਕਾਰਤ ਐਲਾਨ ਕੀਤਾ ਸੀ, ਉਥੇ ਪੇਈਚਿੰਗ ਨੇ ਜਾਨੀ ਨੁਕਸਾਨ ਬਾਰੇ ਚੁੱਪੀ ਸਾਧ ਲਈ ਸੀ। ਚੀਨ ਦੀ ਸੱਤਾਧਾਰੀ ਚੀਨੀ ਕਮਿਊਨਿਸਟ ਪਾਰਟੀ ਦੇ ਅਖ਼ਬਾਰ ‘ਦਿ ਗਲੋਬਲ ਟਾਈਮਜ਼’ ਨੇ ਸੋਮਵਾਰ ਨੂੰ ‘ਚੀਨੀ ਮਾਹਿਰਾਂ’ ਦੇ ਹਵਾਲੇ ਨਾਲ ਕਿਹਾ ਕਿ ਚੀਨ ਨੇ ਆਪਣੇ ਵਾਲੇ ਪਾਸੇ ਹੋਈਆਂ ਮੌਤਾਂ ਦੀ ਗਿਣਤੀ ਇਸ ਲਈ ਜਾਰੀ ਨਹੀਂ ਕੀਤੀ ਕਿਊਂਕਿ ਊਹ ਚਾਹੁੰਦਾ ਸੀ ਕਿ ਤਲਖ਼ੀ ਹੋਰ ਵਧੇ।
ਭਾਰਤ-ਚੀਨ ਸਰਹੱਦ ’ਤੇ 32 ਸੜਕ ਪ੍ਰਾਜੈਕਟਾਂ ਦੇ ਕੰਮ ’ਚ ਤੇਜ਼ੀ ਲਿਆਵੇਗੀ ਸਰਕਾਰ
ਨਵੀਂ ਦਿੱਲੀ: ਭਾਰਤੀ ਫੌਜ ਅਤੇ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਵਿਚਾਲੇ ਬਣੀ ਤਣਾਅਪੂਰਨ ਸਥਿਤੀ ਦੌਰਾਨ ਕੇਂਦਰ ਸਰਕਾਰ ਨੇ ਅੱਜ ਭਾਰਤ-ਚੀਨ ਸਰਹੱਦ ’ਤੇ ਚੱਲ ਰਹੇ ਸੜਕ ਪ੍ਰੋਜੈਕਟਾਂ ਦਾ ਜਾਇਜ਼ਾ ਲੈਂਦਿਆਂ 32 ਸੜਕਾਂ ਦੇ ਨਿਰਮਾਣ ਕੰਮ ’ਚ ਤੇਜ਼ੀ ਲਿਆਊਣ ਦਾ ਫ਼ੈਸਲਾ ਲਿਆ ਹੈ। ਇਹ ਫ਼ੈਸਲਾ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਰੱਖੀ ਊੱਚ-ਪੱਧਰੀ ਬੈਠਕ ਦੌਰਾਨ ਲਿਆ ਗਿਆ। ਇਸ ਬੈਠਕ ਵਿੱਚ ਕੇਂਦਰੀ ਲੋਕ ਨਿਰਮਾਣ ਵਿਭਾਗ (ਸੀਪੀਡਬਲਿਯੂਡੀ), ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਅਤੇ ਇੰਡੋ-ਤਿੱਬਤੀਅਨ ਬਾਰਡਰ ਪੁਲੀਸ (ਆਈਟੀਬੀਪੀ) ਨੇ ਹਿੱਸਾ ਲਿਆ। ਬੈਠਕ ਬਾਰੇ ਇੱਕ ਅਧਿਕਾਰੀ ਨੇ ਦੱਸਿਆ, ‘‘ਚੀਨ ਨਾਲ ਲੱਗਦੀ ਸਰਹੱਦ ’ਤੇ ਪੈਂਦੇ 32 ਸੜਕ ਪ੍ਰੋਜੈਕਟਾਂ ’ਤੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਸਾਰੀਆਂ ਸਬੰਧਤ ਏਜੰਸੀਆਂ ਵਲੋਂ ਪ੍ਰੋਜੈਕਟਾਂ ਵਿੱਚ ਤੇਜ਼ੀ ਲਿਆਊਣ ਲਈ ਸਹਿਯੋਗ ਦਿੱਤਾ ਜਾਵੇਗਾ।’’ ਦੱਸਣਯੋਗ ਹੈ ਕਿ ਭਾਰਤ-ਚੀਨ ਸਰਹੱਦ ਨੇੜੇ ਕੁੱਲ 73 ਸੜਕਾਂ ਦਾ ਨਿਰਮਾਣ ਜਾਰੀ ਹੈ। ਇਨ੍ਹਾਂ ਵਿੱਚੋਂ 12 ’ਤੇ ਸੀਪੀਡਬਲਿਯੂਡੀ ਅਤੇ 61 ’ਤੇ ਬੀਆਰਓ ਵਲੋਂ ਗ੍ਰਹਿ ਮਾਮਲਿਆਂ ਬਾਰੇ ਮੰਤਰਾਲੇ ਦੀ ਸਿੱਧੀ ਨਿਗਰਾਨੀ ਹੇਠ ਕੰਮ ਕੀਤਾ ਜਾ ਰਿਹਾ ਹੈ।
-ਪੀਟੀਆਈ